ਤਿਹਾੜ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ, ਰੋਡ ਸ਼ੋਅ ਕਰਦੇ ਪਹੁੰਚੇ ਘਰ

ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 156 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਪਾਰਟੀ ਦੇ ਸਾਰੇ ਵੱਡੇ ਆਗੂਆਂ ਨੇ ਤਿਹਾੜ ਜੇਲ੍ਹ ਦੇ ਬਾਹਰ ਮੁੱਖ ਮੰਤਰੀ ਦਾ ਸਵਾਗਤ ਕੀਤਾ। ਤਿਹਾੜ ਜੇਲ੍ਹ ਦੇ ਬਾਹਰ ਢੋਲ-ਢਮਕਿਆਂ ਨਾਲ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਟੀ ਵੀ ਮੌਜੂਦ ਸਨ। ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੇ ਸਿੰਘ ਅਤੇ ਪਾਰਟੀ ਦੇ ਕਈ ਵੱਡੇ ਆਗੂ ਨਾਅਰੇਬਾਜ਼ੀ ਕਰਦੇ ਨਜ਼ਰ ਆਏ।

ਸੁਪਰੀਮ ਕੋਰਟ ਨੇ ਅੱਜ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਰਾਉਜ਼ ਐਵੇਨਿਊ ਕੋਰਟ ‘ਚ ਜ਼ਮਾਨਤ ਬਾਂਡ ਜਮ੍ਹਾ ਕਰਵਾਇਆ ਅਤੇ ਅਦਾਲਤ ਨੇ ਸਵੀਕਾਰ ਵੀ ਕਰ ਲਿਆ ਹੈ।

ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਹ ਸਾਜ਼ਿਸ਼ ‘ਤੇ ਸੱਚਾਈ ਦੀ ਜਿੱਤ ਹੈ, ਰੱਬ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਰੀ ਉਮਰ ਲੜਿਆ ਹੈ, ਭਵਿੱਖ ਵਿੱਚ ਵੀ ਲੜਦਾ ਰਹਾਂਗਾ। ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਦੀਆਂ ਦੁਆਵਾਂ ਕਰਕੇ ਜੇਲ੍ਹ ਤੋਂ ਬਾਹਰ ਆਇਆ ਹਾਂ। ਮੇਰਾ ਹੌਂਸਲਾ 100 ਗੁਣਾ ਵੱਧ ਗਿਆ ਹੈ। ਮੈਂ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਲੜਦਾ ਰਹਾਂਗਾ। ਉਨ੍ਹਾਂ ਕਿਹਾ ਕਿ ਉਹ ਲੱਖਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੇਰੇ ਲਈ ਮੰਦਿਰ, ਮਸਜਿਦ ਗੁਰਦੁਆਰੇ ਗਏ।

ਕੇਜਰੀਵਾਲ ਨੇ ਕਿਹਾ ਕਿ ਤੇਜ਼ ਮੀਂਹ ਵਿੱਚ ਵੀ ਤੁਸੀਂ ਮੇਰੇ ਸਵਾਗਤ ਲਈ ਆਏ ਹੋ, ਇਸ ਲਈ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਖੂਨ ਦਾ ਇੱਕ-ਇੱਕ ਕਤਰਾ ਤੁਹਾਡੇ ਲਈ ਹੈ। ਮੈਂ ਸੱਚਾ ਸੀ, ਮੈਂ ਸਹੀ ਸੀ, ਇਸ ਲਈ ਰੱਬ ਨੇ ਮੇਰਾ ਸਾਥ ਦਿੱਤਾ। ਇਨ੍ਹਾਂ ਲੋਕਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ। ਇਨ੍ਹਾਂ ਨੂੰ ਲੱਗਿਆ ਕਿ ਜੇ ਇਹ ਕੇਜਰੀਵਾਲ ਨੂੰ ਜੇਲ੍ਹੇ ਵਿੱਚ ਪਾ ਦੇਣਗੇ ਤਾਂ ਇਸਦੇ ਹੌਂਸਲੇ ਟੁੱਟ ਜਾਣਗੇ। ਪਰ ਅਜਿਹਾ ਨਹੀਂ ਹੈ, ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੇਰੀ ਤਾਕਤ 100 ਗੁਣਾ ਜਿਆਦਾ ਵੱਧ ਗਈ ਹੈ।