Site icon TV Punjab | Punjabi News Channel

ਕੇਜਰੀਵਾਲ ਦੀ ਜੇਲ੍ਹ ‘ਚ ਵਿਗੜੀ ਸਿਹਤ, ਦਿੱਤੀ ਗਈ ਇਨਸੁਲਿਨ

ਡੈਸਕ- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ ਵਾਰ ਫਿਰ ਹਾਈ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵਿਚ ਪਹਿਲੀ ਵਾਰ ਇਨਸੁਲਿਨ ਦਿੱਤੀ ਗਈ ਹੈ। ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਰਿਹਾ ਸੀ ਅਤੇ ਇਹ 320 ਤੱਕ ਚਲਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਗਈ। ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਗਈ ਹੈ। ਕੇਜਰੀਵਾਲ ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਨਿੱਜੀ ਡਾਕਟਰ ਤੋਂ ਰੋਜ਼ਾਨਾ ਸਲਾਹ ਤੇ ਇਨਸੁਲਿਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਵੀ ਬੂਹਾ ਖੜਕਾਇਆ ਸੀ। ਅਦਾਲਤ ਨੇ ਪ੍ਰਾਈਵੇਟ ਡਾਕਟਰ ਨਾਲ ਸਲਾਹ ਕਰਨ ਦੀ ਮੰਗ ਨੂੰ ਰੱਦ ਕਰਦਿਆਂ ਏਮਜ਼ ਨੂੰ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦਿੱਤਾ ਸੀ। ਆਮ ਆਦਮੀ ਪਾਰਟੀ ਵੀ ਕੇਜਰੀਵਾਲ ਲਈ ਇਨਸੁਲਿਨ ਦੀ ਮੰਗ ਨੂੰ ਲੈ ਕੇ ਲਗਾਤਾਰ ਹਮਲਾਵਰ ਸੀ। ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਸ਼ੂਗਰ ਲੈਵਲ ਵੱਧ ਹੋਣ ਦੇ ਬਾਵਜੂਦ ਇਨਸੁਲਿਨ ਨਹੀਂ ਦਿੱਤੀ ਜਾ ਰਹੀ।

ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨੂੰ ਹਨੂੰਮਾਨ ਜੀ ਦਾ ਵਰਦਾਨ ਦੱਸਿਆ ਹੈ। ਪਾਰਟੀ ਦੇ ਐਕਸ ਹੈਂਡਲ ‘ਤੇ ਲਿਖਿਆ ਗਿਆ, ‘ਬਜਰੰਗ ਬਲੀ ਕੀ ਜੈ। ਆਖਿਰਕਾਰ ਭਾਜਪਾ ਅਤੇ ਇਸ ਦੇ ਜੇਲ੍ਹ ਪ੍ਰਸ਼ਾਸਨ ਨੂੰ ਹੋਸ਼ ਆਇਆ ਅਤੇ ਜੇਲ੍ਹ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੁਲਿਨ ਦੇ ਦਿੱਤੀ ਗਈ। ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਹ ਭਗਵਾਨ ਹਨੂੰਮਾਨ ਦੇ ਆਸ਼ੀਰਵਾਦ ਅਤੇ ਦਿੱਲੀ ਵਾਸੀਆਂ ਦੇ ਸੰਘਰਸ਼ ਨਾਲ ਹੀ ਸੰਭਵ ਹੋਇਆ ਹੈ। ਅਸੀਂ ਆਪਣੇ ਮੁੱਖ ਮੰਤਰੀ ਤੱਕ ਇਨਸੁਲਿਨ ਪਹੁੰਚਾਉਣ ਵਿੱਚ ਸਫਲ ਰਹੇ ਹਾਂ।’

ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਰੋਜ਼ਾਨਾ ਇਨਸੁਲਿਨ ਦੀ ਮੰਗ ਕਰ ਰਹੇ ਹਨ। ਕੇਜਰੀਵਾਲ ਦੀ ਚਿੱਠੀ ਤੋਂ ਇਕ ਦਿਨ ਪਹਿਲਾਂ ਤਿਹਾੜ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੇ 20 ਅਪ੍ਰੈਲ ਨੂੰ ਏਮਜ਼ ਦੇ ਸੀਨੀਅਰ ਮਾਹਿਰਾਂ ਨਾਲ ਕੇਜਰੀਵਾਲ ਦੀ ਵੀਡੀਓ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ, ਜਿਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੁਲਿਨ ਦਾ ਮੁੱਦਾ ਉਠਾਇਆ ਅਤੇ ਨਾ ਹੀ ਡਾਕਟਰਾਂ ਨੇ ਅਜਿਹੀ ਕੋਈ ਸਲਾਹ ਦਿੱਤੀ।

ਕੇਜਰੀਵਾਲ ਨੇ ਦੋਸ਼ ਲਾਇਆ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਹੈ। ਮੁੱਖ ਮੰਤਰੀ ਨੇ ਜੇਲ੍ਹ ਅਧਿਕਾਰੀਆਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਕਦੇ ਵੀ ਡਾਕਟਰਾਂ ਨਾਲ ਸਲਾਹ ਦੌਰਾਨ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ। ਉਨ੍ਹਾਂ ਨੇ ਚਿੱਠੀ ਵਿੱਚ ਕਿਹਾ, ‘ਇਹ ਝੂਠ ਹੈ। ਮੈਂ 10 ਦਿਨਾਂ ਤੱਕ ਹਰ ਰੋਜ਼, ਕਈ ਵਾਰ ਇਨਸੁਲਿਨ ਦਾ ਮੁੱਦਾ ਉਠਾਇਆ ਹੈ। ਮੈਂ ਹਰ ਡਾਕਟਰ ਨੂੰ ਆਪਣਾ ਹਾਈ ਸ਼ੂਗਰ ਲੈਵਲ ਦਿਖਾਇਆ। ਮੈਂ ਉਨ੍ਹਾਂ ਨੂੰ ਦਿਖਾਇਆ ਕਿ ਸ਼ੂਗਰ ਹਰ ਰੋਜ਼ ਤਿੰਨ ਵਾਰ ਵਧਦੀ ਹੈ ਅਤੇ 250 ਤੋਂ 320 ਦੇ ਵਿਚਕਾਰ ਰਹਿੰਦੀ ਹੈ।

Exit mobile version