ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

Mumbai Indians vs Sunrisers Hyderabad, 55th Match: ਸੂਰਿਆਕੁਮਾਰ ਯਾਦਵ ਦੇ ਤੂਫਾਨੀ ਸੈਂਕੜੇ ਦੇ ਦਮ ‘ਤੇ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 55ਵੇਂ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਸੋਮਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਹੈਦਰਾਬਾਦ ਨੂੰ 173/8 ‘ਤੇ ਰੋਕ ਦਿੱਤਾ ਅਤੇ ਫਿਰ 17.2 ਓਵਰਾਂ ‘ਚ ਸਿਰਫ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਸੂਰਿਆਕੁਮਾਰ ਦਾ ਇਹ ਦੂਜਾ ਸੈਂਕੜਾ ਹੈ ਅਤੇ ਇਸ ਦੇ ਨਾਲ ਉਹ ਇਸ ਫਰੈਂਚਾਈਜ਼ੀ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਰੋਹਿਤ ਸ਼ਰਮਾ ਦੇ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਮੁੰਬਈ ਇੰਡੀਅਨਜ਼ ਦੀ 12 ਮੈਚਾਂ ‘ਚ ਇਹ ਚੌਥੀ ਜਿੱਤ ਹੈ ਅਤੇ ਟੀਮ ਦੇ ਹੁਣ ਅੱਠ ਅੰਕ ਹੋ ਗਏ ਹਨ ਅਤੇ ਉਹ ਨੌਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹੈਦਰਾਬਾਦ ਦੀ ਟੀਮ ਨੂੰ 11 ਮੈਚਾਂ ਵਿੱਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਰ ਤੋਂ ਬਾਅਦ ਵੀ ਟੀਮ ਚੌਥੇ ਸਥਾਨ ‘ਤੇ ਬਰਕਰਾਰ ਹੈ।

174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ 31 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਇਸ ਵਿੱਚ ਈਸ਼ਾਨ ਕਿਸ਼ਨ (9), ਰੋਹਿਤ ਸ਼ਰਮਾ (4) ਅਤੇ ਨਮਨ ਧੀਰ (0) ਦੀਆਂ ਵਿਕਟਾਂ ਸ਼ਾਮਲ ਹਨ। ਪਰ ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ (37) ਨੇ ਚੌਥੀ ਵਿਕਟ ਲਈ 79 ਗੇਂਦਾਂ ਵਿੱਚ 143 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੁੰਬਈ ਨੂੰ ਸੱਤ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।

ਤਿਲਕ ਅਤੇ ਸੂਰਿਆਕੁਮਾਰ ਵਿਚਾਲੇ 143 ਦੌੜਾਂ ਦੀ ਅਜੇਤੂ ਸਾਂਝੇਦਾਰੀ ਮੁੰਬਈ ਲਈ ਆਈਪੀਐੱਲ ‘ਚ ਚੌਥੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਬਣ ਗਈ ਹੈ। ਇਹ ਆਈਪੀਐਲ ਵਿੱਚ ਮੁੰਬਈ ਲਈ ਕਿਸੇ ਵਿਕਟ ਲਈ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ। ਮੁੰਬਈ ਲਈ 2013 ਤੋਂ ਬਾਅਦ ਇਹ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ।

ਸੂਰਿਆਕੁਮਾਰ ਯਾਦਵ ਨੇ ਆਈਪੀਐਲ ਵਿੱਚ ਆਪਣਾ 25ਵਾਂ ਅਰਧ ਸੈਂਕੜਾ 12.2 ਓਵਰਾਂ ਵਿੱਚ 30 ਗੇਂਦਾਂ ਵਿੱਚ ਪੂਰਾ ਕੀਤਾ। ਪਿਛਲੀਆਂ ਨੌਂ ਪਾਰੀਆਂ ਵਿੱਚ ਇਹ ਉਸਦਾ ਚੌਥਾ ਅਰਧ ਸੈਂਕੜਾ ਹੈ। ਇਸ ਦੇ ਨਾਲ ਹੀ ਉਸ ਨੇ ਆਈਪੀਐਲ ਵਿੱਚ ਆਪਣੀਆਂ 3500 ਦੌੜਾਂ ਵੀ ਪੂਰੀਆਂ ਕਰ ਲਈਆਂ। ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਆਖਰੀ ਸੱਤ ਓਵਰਾਂ ਵਿੱਚ 55 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਸੱਤ ਵਿਕਟਾਂ ਬਾਕੀ ਸਨ। ਸੂਰਿਆ ਨੇ ਫਿਰ 17.2 ਓਵਰਾਂ ‘ਚ ਟੀ ਨਟਰਾਜਨ ‘ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਮੁੰਬਈ ਨੂੰ ਸੱਤ ਵਿਕਟਾਂ ਬਾਕੀ ਰਹਿੰਦਿਆਂ ਜਿੱਤ ਦਿਵਾਈ।

ਸੂਰਿਆ ਨੇ 51 ਗੇਂਦਾਂ ਵਿੱਚ 12 ਚੌਕੇ ਅਤੇ ਛੇ ਛੱਕੇ ਜੜੇ। ਤਿਲਕ ਨੇ 32 ਗੇਂਦਾਂ ਵਿੱਚ ਛੇ ਚੌਕੇ ਜੜੇ। ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ ਅਤੇ ਕਪਤਾਨ ਪੈਟ ਕਮਿੰਸ ਨੇ ਇਕ-ਇਕ ਵਿਕਟ ਲਈ।

ਇਸ ਤੋਂ ਪਹਿਲਾਂ ਕਪਤਾਨ ਹਾਰਦਿਕ ਪੰਡਯਾ ਅਤੇ ਤਜਰਬੇਕਾਰ ਲੈੱਗ ਸਪਿਨਰ ਪਿਊਸ਼ ਚਾਵਲਾ ਦੀ ਘਾਤਕ ਗੇਂਦਬਾਜ਼ੀ ਦੇ ਦਮ ‘ਤੇ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ‘ਤੇ 173 ਦੌੜਾਂ ‘ਤੇ ਰੋਕ ਦਿੱਤਾ। ਅਭਿਸ਼ੇਕ ਸ਼ਰਮਾ (11) ਅਤੇ ਟ੍ਰੈਵਿਸ ਹੈੱਡ (48) ਨੇ ਪਹਿਲੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕਰਕੇ ਹੈਦਰਾਬਾਦ ਨੂੰ ਚੰਗੀ ਸ਼ੁਰੂਆਤ ਦਿਵਾਈ। ਪਰ ਇਸ ਤੋਂ ਬਾਅਦ ਟੀਮ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਉਂਦੀ ਰਹੀ। ਹਾਲਾਂਕਿ ਅੰਤ ‘ਚ ਕਪਤਾਨ ਪੈਟ ਕਮਿੰਸ ਨੇ 17 ਗੇਂਦਾਂ ‘ਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 35 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਹੈਦਰਾਬਾਦ ਨੂੰ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ‘ਤੇ 173 ਦੌੜਾਂ ਤੱਕ ਪਹੁੰਚਾਇਆ।

ਹੈਦਰਾਬਾਦ ਲਈ ਹੈੱਡ ਨੇ 30 ਗੇਂਦਾਂ ‘ਚ ਸੱਤ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 48 ਦੌੜਾਂ ਦੀ ਪਾਰੀ ਖੇਡੀ। ਨਿਤੀਸ਼ ਰੈਡੀ ਨੇ 20 ਦੌੜਾਂ ਅਤੇ ਮਾਰਕੋ ਜੈਨਸਨ ਨੇ 17 ਦੌੜਾਂ ਬਣਾਈਆਂ। ਮੇਜ਼ਬਾਨ ਮੁੰਬਈ ਇੰਡੀਅਨਜ਼ ਲਈ ਹਾਰਦਿਕ ਅਤੇ ਪਿਊਸ਼ ਚਾਵਲਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਆਪਣਾ ਪਹਿਲਾ ਮੈਚ ਖੇਡਣ ਵਾਲੇ ਅੰਸ਼ੁਲ ਕੰਬੋਜ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।