ਗੈਰ-ਪੰਜਾਬੀ ਲੋਕਾਂ ਨੂੰ ਨਾ ਮਿਲੇ ਵੋਟ ਦਾ ਅਧਿਕਾਰ, ਕਾਂਗਰਸੀ ਆਗੂ ਸੁਖਪਾਲ ਖਹਿਰਾ ਦੇ ਬਿਆਨ ‘ਤੇ ਹੰਗਾਮਾ

ਡੈਸਕ- ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ‘ਚ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ‘ਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੈਰ-ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਨਾ ਦੇਣ ਦੀ ਵੀ ਵਕਾਲਤ ਕੀਤੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਜੇਕਰ ਇੱਥੇ ਗੈਰ-ਪੰਜਾਬੀ ਲੋਕਾਂ ਨੂੰ ਇਸ ਤਰ੍ਹਾਂ ਰਹਿਣ ਦਿੱਤਾ ਗਿਆ ਤਾਂ ਆਉਣ ਵਾਲੇ 15-20 ਸਾਲਾਂ ਵਿੱਚ ਨਾ ਤਾਂ ਪੰਜਾਬੀਆਂ ਨੂੰ ਇੱਥੇ ਲੱਭਿਆ ਜਾਵੇਗਾ ਅਤੇ ਨਾ ਹੀ ਸਿਰਾਂ ‘ਤੇ ਪੱਗਾਂ ਬੰਨਣੀਆਂ ਮਿਲਣਗੀਆਂ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ 2023 ਵਿੱਚ ਸਪੀਕਰ ਕੁਲਤਾਰ ਸੰਧਵਾ ਨੂੰ ਇਹ ਕਾਨੂੰਨ ਬਣਾਉਣ ਲਈ ਪੱਤਰ ਦਿੱਤਾ ਸੀ ਪਰ ਇਸ ‘ਤੇ ਕੋਈ ਕੰਮ ਨਹੀਂ ਹੋਇਆ। ਪੰਜਾਬ ਵਿੱਚ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਗੈਰ-ਪੰਜਾਬੀ ਨਾ ਤਾਂ ਇੱਥੇ ਜ਼ਮੀਨ ਖਰੀਦ ਸਕਦਾ ਹੈ, ਨਾ ਹੀ ਇੱਥੇ ਵੋਟ ਪਾ ਸਕਦਾ ਹੈ ਅਤੇ ਨਾ ਹੀ ਇੱਥੇ ਕੋਈ ਸਰਕਾਰੀ ਨੌਕਰੀ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਿੱਖਾਂ ਦੀ ਬਹੁਗਿਣਤੀ ਵਾਲਾ ਵਿਸ਼ੇਸ਼ ਸੂਬਾ ਹੈ ਅਤੇ ਸਾਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਬਚਾਉਣ ਲਈ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਕਰਨਾ ਹੋਵੇਗਾ।