ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੇ ਦੀ ਗਈ ਜਾਨ, ਦੋਸਤਾਂ ਨਾਲ ਪੂਲ ‘ਚ ਗਿਆ ਸੀ ਨਹਾਉਣ

ਡੈਸਕ- ਜਲੰਧਰ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮੰਗਲਵਾਰ ਦੇਰ ਸ਼ਾਮ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਨਹਲਾਨ ਦੇ ਰਾਇਲ ਸਵੀਮਿੰਗ ਪੂਲ ‘ਚ ਨਹਾਉਣ ਗਏ 13 ਸਾਲਾ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾਨਿਸ਼ਮੰਡਾ ਕਾਲੋਨੀ ਵਾਸੀ ਮਾਧਵ ਵਜੋਂ ਹੋਈ ਹੈ। ਦੇਰ ਰਾਤ ਲਾਂਬੜਾ ਪੁਲਿਸ ਨੇ ਲਾਸ਼ ਨੂੰ ਸਵੀਮਿੰਗ ਪੂਲ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ।

ਮਾਧਵ ਦੇ ਪਿਤਾ ਭੀਮ ਬਹਾਦੁਰ ਨੇ ਦੱਸਿਆ ਕਿ ਮਾਧਵ ਆਪਣੇ ਦੋਸਤ ਗਣੇਸ਼ ਨਾਲ ਸ਼ਾਮ ਕਰੀਬ 5 ਵਜੇ ਸਵੀਮਿੰਗ ਪੂਲ ‘ਚ ਨਹਾਉਣ ਗਿਆ ਸੀ। ਜਦੋਂ ਉਹ ਰਾਤ ਨੂੰ ਘਰ ਨਹੀਂ ਪਰਤਿਆ ਤਾਂ ਉਹ ਗਣੇਸ਼ ਦੇ ਘਰ ਗਏ ਅਤੇ ਉਸ ਨੇ ਦੱਸਿਆ ਕਿ ਉਹ ਚਾਰੇ ਦੋਸਤ ਸਵੀਮਿੰਗ ਪੂਲ ‘ਚ ਨਹਾਉਣ ਗਏ ਸਨ, ਪਰ ਉਹ ਜਲਦੀਵਾਪਸ ਆ ਗਿਆ ਸੀ। ਉਸ ਨੇ ਦੱਸਿਆ ਕਿ ਮਾਧਵ ਉਸਦੇ ਨਾਲ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਸਵੀਮਿੰਗ ਪੂਲ ‘ਚ ਗਏ ‘ਤਾਂ ਉਨ੍ਹਾਂ ਨੂੰ ਪਾਣੀ ਵਿੱਚ ਮਾਧਵ ਦੀ ਲਾਸ਼ ਲਾਸ਼ ਮਿਲੀ।

ਲਾਸ਼ ਮਿਲਣ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਥਾਣਾ 5 ਦੀ ਪੁਲਿਸ ਨੂੰ ਸੂਚਿਤ ਕੀਤਾ ਪਰ ਇਲਾਕਾ ਲਾਂਬੜਾ ਥਾਣੇ ਦਾ ਸੀ, ਇਸ ਲਈ ਉਨ੍ਹਾਂ ਨੇ ਲਾਂਬੜਾ ਪੁਲਿਸ ਨੂੰ ਸੂਚਨਾ ਦਿੱਤੀ। ਲਾਂਬੜਾ ਥਾਣੇ ਦੇ ਜਾਂਚ ਅਧਿਕਾਰੀ ASI ਨਿਰੰਜਨ ਸਿੰਘ ਨੇ ਜਦੋਂ ਸਵਿਮਿੰਗ ਪੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਾਧਵ ਪਾਣੀ ਵਿੱਚ ਨਹਾਉਣ ਗਿਆ ਸੀ ਅਤੇ ਬਾਅਦ ਵਿੱਚ ਉਹ ਪਾਣੀ ਵਿੱਚੋਂ ਬਾਹਰ ਆ ਕੇ ਬੈਠ ਗਿਆ।

ਕੁਝ ਸਮੇਂ ਬਾਅਦ ਨੱਚਦੇ ਹੋਏ ਉਸ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਉਹ ਉੱਪਰ ਨਹੀਂ ਆਇਆ। ਉਸ ਦੇ ਨਾਲ ਨਹਾ ਰਹੇ ਉਸ ਦੇ ਦੋਸਤਾਂ ਨੂੰ ਉਸ ਬਾਰੇ ਪਤਾ ਨਹੀਂ ਲੱਗਾ ਅਤੇ ਨਹਾਉਣ ਤੋਂ ਬਾਅਦ ਉਹ ਆਪਣੇ ਕੱਪੜੇ ਚੁੱਕ ਕੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਬਿਆਨ ਦੇਣ ਦੀ ਹਾਲਤ ‘ਚ ਨਹੀਂ ਸੀ, ਇਸ ਲਈ ਲਾਸ਼ ਨੂੰ ਪਾਣੀ ‘ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।