Ottawa- ਨਸ਼ੇ ਕੈਨੇਡਾ ਲਈ ਕਿੰਨਾ ਵੱਡਾ ਖ਼ਤਰਾ ਬਣ ਗਏ ਹਨ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੱਥੇ ਹੁਣ ਵੱਡੀ ਗਿਣਤੀ ’ਚ ਬੱਚੇ ਅਤੇ ਕਿਸ਼ੋਰ ਵੀ ਇਨ੍ਹਾਂ ਦਾ ਸੇਵਨ ਕਰ ਰਹੇ ਹਨ। ਬੁੱਧਵਾਰ ਨੂੰ ਜਾਰੀ ਇੱਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। 2022 ਕੈਨੇਡੀਅਨ ਬਾਲ ਚਿਕਿਸਤਾ ਨਿਗਰਾਨੀ ਪ੍ਰੋਗਰਾਮ ਦੀ ਰਿਪੋਰਟ ਨੂੰ 12 ਤੋਂ 18 ਸਾਲ ਦੇ ਬੱਚਿਆਂ ’ਚ ਗੰਭੀਰ/ਘਾਤਕ ਓਪੀਅਔਡ, ਉਤੇਜਕ ਜਾਂ ਸੈਡੇਵਿਟ ਵਰਤੋਂ ਨਾਲ ਸਬੰਧਿਤ ਦੇਖਭਾਲ ਪ੍ਰਦਾਨ ਕਰਨ ਬਾਰੇ ਪੂਰੇ ਕੈਨੇਡਾ ’ਚ 1000 ਤੋਂ ਵੱਧ ਬਾਲ ਰੋਗਾਂ ਦੇ ਮਾਹਰਾਂ ਦੇ ਜਵਾਬਾਂ ਨੂੰ ਇਸ ਸਰਵੇਖਣ ’ਚ ਇਕੱਤਰ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ’ਚ ਨਸ਼ੇ ਦੀ ਓਵਰਡੋਜ਼ ਕੈਨੇਡਾ ’ਚ ਇੱਕ ਆਮ ਸਿਹਤ ਐਮਰਜੈਂਸੀ ਬਣਦੀ ਜਾ ਰਹੀ ਹੈ। ਇਸ ਸਰਵੇਖਣ ਮੁਤਾਬਕ ਪੱਛਮੀ ਕੈਨੇਡਾ ’ਚ 10 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ’ਚ ਮੌਤ ਦਾ ਮੁੱਖ ਕਾਰਨ ਘਾਤਕ ਓਵਰਡੋਜ਼ ਹਨ। ਇਸ ’ਚ ਵੀ ਦੱਸਿਆ ਗਿਆ ਹੈ ਕਿ ਇਹ ਸਮੱਸਿਆ ਕੈਨੇਡਾ ’ਚ ਕਿਸੇ ਇੱਕ ਥਾਂ ’ਤੇ ਨਹੀਂ, ਬਲਕਿ ਦੇਸ਼ ਭਰ ’ਚ ਮੌਜੂਦ ਹਨ ਅਤੇ ਦੇਸ਼ ਦੇ 10 ਸੂਬਿਆਂ ’ਚ ਹੀ ਬਾਲ ਰੋਗਾਂ ਦੇ ਮਾਹਰ ਓਵਰਡੋਜ਼ ਦੇ ਇਲਾਜ ਬਾਰੇ ਕਹਿ ਰਹੇ ਹਨ।
ਇਸ ਸਬੰਧੀ ਪ੍ਰਮੁੱਖ ਜਾਂਚਕਰਤਾ ’ਚੋਂ ਇੱਕ ਅਤੇ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ’ਚ ਬਾਲ ਰੋਗਾਂ ਦੇ ਮਾਹਰ ਡਾਕਟਰ ਮੈਥਿਊ ਕਾਰਵਾਨਾ ਦਾ ਕਹਿਣਾ ਹੈ ਕਿ ਇਹ ਮੁੱਦਾ ਹੋਰ ਵੀ ਚਿੰਤਾਜਨਕ ਹੈ, ਕਿਉਂਕਿ ਸਰਵੇਖਣ ’ਚ ਉਨ੍ਹਾਂ ਬੱਚਿਆਂ ਅਤੇ ਕਿਸ਼ੋਰਾਂ ਬਾਰੇ ਨਹੀਂ ਦੱਸਿਆ ਗਿਆ, ਜਿਹੜੇ ਕਿ ਨਸ਼ੇ ਦੀ ਓਵਰਡੋਜ਼ ਲੈਂਦੇ ਹਨ ਪਰ ਉਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਓਵਰਡੋਜ਼ ਸੰਕਟ ਨੂੰ ਘੱਟ ਕਰਨ ਲਈ ਬੱਚਿਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣਾ ਚਾਹੀਦਾ ਹੈ ਅਤੇ ਸਾਨੂੰ ਰੋਕਥਾਮ ਤੇ ਦਖ਼ਲਅੰਦਾਜ਼ੀ ਦੀਆਂ ਰਣਨੀਤੀਆਂ ’ਤੇ ਧਿਆਨ ਦੇਣ ਦੀ ਲੋੜ ਹੈ। ਦੱਸ ਦਈਏ ਕਿ ਸਰਵੇਖਣ ’ਚ ਕੈਨੇਡਾ ਭਰ ਤੋਂ 1,000 ਬਾਲ ਰੋਗਾਂ ਦੇ ਮਾਹਰਾਂ ਦੇ ਜਵਾਬ ਸ਼ਾਮਿਲ ਹਨ।