ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਕੇਐੱਲ ਰਾਹੁਲ ਨੇ ਕਿਹਾ- ਸਵੀਕਾਰ ਕਰਨਾ ਮੁਸ਼ਕਿਲ ਹੈ

ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੇ ਕਪਤਾਨ ਬਣੇ ਕੇਐੱਲ ਰਾਹੁਲ ਨੂੰ ਦਿੱਲੀ ‘ਚ ਟੀ-20 ਮੈਚ ਤੋਂ ਠੀਕ ਪਹਿਲਾਂ ਸੱਟ ਲੱਗ ਗਈ ਸੀ। ਜਿਸ ਕਾਰਨ ਉਸ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋਣਾ ਪਿਆ।

ਰਾਹੁਲ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਇੰਡੀਆ ਦੀ ਕਮਾਨ ਸੌਂਪੀ ਗਈ ਹੈ, ਜਿਸ ਕੋਲ ਇੰਡੀਅਨ ਪ੍ਰੀਮੀਅਰ ਲੀਗ ‘ਚ ਟੀ-20 ਟੀਮ ਦੀ ਕਪਤਾਨੀ ਕਰਨ ਦਾ ਚੰਗਾ ਅਨੁਭਵ ਹੈ। ਇਸ ਦੇ ਨਾਲ ਹੀ ਉਸ ਦੀ ਮਦਦ ਲਈ ਹਰਫਨਮੌਲਾ ਹਾਰਦਿਕ ਪੰਡਯਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ, ਜਿਸ ਨੇ ਹਾਲ ਹੀ ‘ਚ ਗੁਜਰਾਤ ਟਾਈਟਨਸ ਨੂੰ ਆਪਣੀ ਕਪਤਾਨੀ ‘ਚ ਪਹਿਲਾ ਆਈਪੀਐੱਲ ਖਿਤਾਬ ਜਿੱਤ ਕੇ ਰਾਸ਼ਟਰੀ ਟੀਮ ‘ਚ ਵਾਪਸੀ ਕੀਤੀ ਹੈ।

ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਰਾਹੁਲ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ। ਰਾਹੁਲ ਨੇ ਦੱਸਿਆ ਕਿ ਉਸ ਲਈ ਇਸ ਤੱਥ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਕਿ ਉਹ ਇੰਨੇ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ।

ਉਨ੍ਹਾਂ ਨੇ ਲਿਖਿਆ, ”ਸਵੀਕਾਰ ਕਰਨਾ ਮੁਸ਼ਕਲ ਹੈ ਪਰ ਮੈਨੂੰ ਅੱਜ ਇਕ ਹੋਰ ਚੁਣੌਤੀ ਸ਼ੁਰੂ ਕਰਨ ਦਿਓ। ਪਹਿਲੀ ਵਾਰ ਘਰ ਵਿੱਚ ਟੀਮ ਦੀ ਅਗਵਾਈ ਨਾ ਕਰਨ ਤੋਂ ਨਿਰਾਸ਼, ਤੁਹਾਡੇ ਸਮਰਥਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਰਿਸ਼ਭ ਅਤੇ ਮੁੰਡਿਆਂ ਨੂੰ ਸੀਰੀਜ਼ ਲਈ ਸ਼ੁੱਭਕਾਮਨਾਵਾਂ। ਜਲਦੀ ਮਿਲਦੇ ਹਾਂ.”

ਰਾਹੁਲ ਤੋਂ ਇਲਾਵਾ ਸਪਿੰਨਰ ਕੁਲਦੀਪ ਯਾਦਵ ਵੀ ਸੱਟ ਕਾਰਨ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. ਦੇ ਇਕ ਬਿਆਨ ਅਨੁਸਾਰ, ਰਾਹੁਲ ਗਰੌਇਨ ਦੀ ਸੱਟ ਕਾਰਨ ਬਾਹਰ ਹੋ ਗਿਆ ਹੈ, ਜਦਕਿ ਕੁਲਦੀਪ ਨੈੱਟ ‘ਤੇ ਬੱਲੇਬਾਜ਼ੀ ਕਰਦੇ ਹੋਏ ਆਪਣੀ ਸੱਜੀ ਬਾਂਹ ‘ਤੇ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ ਹੈ।

ਭਾਰਤ ਵੀਰਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਪਹਿਲੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨਾਲ ਭਿੜੇਗਾ।