ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ, ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ

ਡੈਸਕ- ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਲੁਧਿਆਣਾ ਦਾ ਇਹ ਟੋਲ ਪਲਾਜਾ ਪਿੱਛਲੇ ਕਰੀਬ ਡੇਢ ਮਹੀਨੇ ਤੋਂ ਬੰਦ ਪਿਆ ਹੈ। ਇਸ ਦੌਰਾਨ ਹਾਈਕੋਰਟ ਚ ਇਸ ਦੀ ਸੁਣਵਾਈ ਚੱਲ ਰਹੀ ਸੀ।

ਕਿਸਾਨਾਂ ਨੇ ਇਹ ਟੋਲ 16 ਜੂਨ ਤੋਂ ਬੰਦ ਰੱਖਿਆ ਹੋਇਆ ਸੀ। ਇਸ ਦੌਰਾਨ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ 3 ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਟੋਲ ਪਲਾਜ਼ਾ ਤੇ ਧਰਨੇ ਦੌਰਾਨ ਹੋਈ। ਜਿਸ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੋਲ ਪਲਾਜ਼ਾ ਬੰਦ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਸੀ। ਇਸ ਤੋਂ ਬਾਅਦ ਧਰਨਾ ਚੁੱਕ ਕੇ ਅਧਿਕਾਰੀਆਂ ਨਾਲ ਦੂਜੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ NHAI ਦਾ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਤੀਜੀ ਮੀਟਿੰਗ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ਦੀਆਂ ਕਮੀਆਂ ਨੂੰ ਗਿਣਿਆ।

ਲਾਡੋਵਾਲ ਟੋਲ ‘ਤੇ ਕਾਰ ਦਾ ਪੁਰਾਣਾ ਟੈਕਸ ਵਨ ਵੇਅ ਲਈ 215 ਰੁਪਏ ਅਤੇ ਰਿਟਰਨ ਲਈ 325 ਰੁਪਏ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 220 ਰੁਪਏ ਅਤੇ ਵਾਪਸੀ ਦਾ ਕਿਰਾਇਆ 330 ਰੁਪਏ ਹੈ ਅਤੇ ਮਹੀਨਾਵਾਰ ਪਾਸ 7360 ਰੁਪਏ ਹੋਵੇਗਾ।

ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਵਨ ਵੇਅ ਲਈ 350 ਰੁਪਏ ਅਤੇ ਵਾਪਸੀ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 355 ਰੁਪਏ ਅਤੇ ਵਾਪਸੀ ਦਾ ਕਿਰਾਇਆ 535 ਰੁਪਏ ਹੈ ਅਤੇ ਮਹੀਨਾਵਾਰ ਪਾਸ 11885 ਰੁਪਏ ਹੋਵੇਗਾ।

2 ਐਕਸਲ ਬੱਸ ਜਾਂ ਟਰੱਕ ਦਾ ਪੁਰਾਣਾ ਟੈਕਸ ਵਨ ਵੇਅ ਲਈ 730 ਰੁਪਏ ਅਤੇ ਰਿਟਰਨ ਲਈ 1095 ਰੁਪਏ ਅਤੇ ਮਹੀਨਾਵਾਰ ਪਾਸ 24285 ਰੁਪਏ ਸੀ। ਨਵੀਂ ਦਰ ਵਿਚ ਇਕ ਪਾਸੇ ਦਾ ਕਿਰਾਇਆ 745 ਰੁਪਏ, ਵਾਪਸੀ ਦਾ ਕਿਰਾਇਆ 1120 ਰੁਪਏ ਅਤੇ ਮਹੀਨਾਵਾਰ ਪਾਸ 24905 ਰੁਪਏ ਹੋਵੇਗਾ। ਤਿੰਨ ਐਕਸਲ ਵਾਹਨਾਂ ਦਾ ਪੁਰਾਣਾ ਰੇਟ ਇੱਕ ਪਾਸੇ ਲਈ 795 ਰੁਪਏ ਅਤੇ ਪਿਛਲੇ ਪਾਸੇ ਲਈ 1190 ਰੁਪਏ ਅਤੇ ਮਹੀਨਾਵਾਰ ਪਾਸ 26490 ਰੁਪਏ ਸੀ। ਨਵੀਂ ਦਰ ਵਨ ਵੇਅ ਲਈ 815 ਰੁਪਏ ਅਤੇ ਰਿਟਰਨ ਲਈ 1225 ਰੁਪਏ ਹੋਵੇਗੀ ਅਤੇ ਮਹੀਨਾਵਾਰ ਪਾਸ 27170 ਰੁਪਏ ਹੋਵੇਗਾ।