ਸੁਧੀਰ ਸੂਰੀ ਦੇ ਕਤਲ ਦੀ ਲੰਡਾ ਹਰੀਕੇ ਨੇ ਲਈ ਜ਼ਿੰਮੇਵਾਰੀ, ਪੁਲਿਸ ਕਰ ਰਹੀ ਜਾਂਚ

ਜਲੰਧਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਦਾ ਮਾਹੌਲ ਗਰਮਾ ਗਿਆ ਹੈ । ਹਰ ਕੋਈ ਹੈਰਾਨ ਹੈ ਕਿ ਕਿਸ ਤਰ੍ਹਾਂ ਪੁਲਿਸ ਦੀ ਮੌਜੂਦਗੀ ਚ ਇਕ ਨੌਜਵਾਨ ਵਲੋਂ ਸ਼ਰੇਆਮ ਸ਼ਿਵ ਸੈਨਾ ਆਗੂ ‘ਤੇ ਅੰਨੇਵਾਹ ਗੋਲੀਆਂ ਦਾਗ ਕੇ ਕਤਲ ਕਰ ਦਿੱਤਾ ਜਾਂਦਾ ਹੈ । ਗੈਂਗਸਟਰ ਤੇ ਅੱਤਵਾਦੀ ਲੰਡਾ ਹਰੀਕੇ ਨੇ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਫੇਸਬੁੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਜਿਹੜੇ ਲੋਕ ਸੁਰੱਖਿਆ ਲੈ ਕੇ ਸੋਚਦੇ ਹਨ ਕਿ ਉਹ ਬਚ ਜਾਣਗੇ, ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਉਨ੍ਹਾਂ ਦੀ ਵਾਰੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਸਾਈਬਰ ਸੈੱਲ ਉਸ ਆਈਪੀ ਐਡਰੈੱਸ ਉਤੇ ਕੰਮ ਕਰ ਰਿਹਾ ਹੈ, ਜਿਸ ਤੋਂ ਇਹ ਪੋਸਟ ਪਾਈ ਗਈ ਹੈ। ਕਿਉਂਕਿ ਪੋਸਟ ਪਾ ਕੇ ਸਕਰੀਨ ਸ਼ਾਟ ਪਾ ਦਿੱਤਾ ਗਿਆ ਹੈ ਅਤੇ ਹੁਣ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜਦੋਂ ਕਿ ਪੰਜਾਬ ਪੁਲਿਸ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਸਾਰੇ ਪਹਿਲੂਆਂ ਅਤੇ ਸਾਜ਼ਿਸ਼ਾਂ ਦੀ ਜਾਂਚ ਕੀਤੀ ਜਾਵੇਗੀ। ਸੁਧੀਰ ਸੂਰੀ ਦੀ ਸ਼ੁੱਕਰਵਾਰ ਨੂੰ ਮਜੀਠਾ ਰੋਡ ਉਤੇ ਸਥਿਤ ਗੋਪਾਲ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਸ਼ਹਿਰ ਦੇ ਸਭ ਤੋਂ ਵਿਅਸਤ ਸਥਾਨਾਂ ਵਿਚੋਂ ਇੱਕ ਹੈ।

ਅੱਜ ਸੂਰੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਜਦਕਿ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਸਸਕਾਰ ਤਦ ਤੱਕ ਨਹੀਂ ਕੀਤਾ ਜਾਵੇਗਾ ਜੱਦ ਤੱਕ ਸਰਕਾਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਦਿੰਦੀ ।ਸ਼ਿਵ ਸੈਨਾ ਵਲੋਂ ਸ਼ਨੀਵਾਰ ਨੂੰ ਸੂਬੇ ਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਖਬਰ ਲਿਖੇ ਜਾਣ ਤੱਕ ਅੰਮ੍ਰਿਤਸਰ ਸ਼ਹਿਰ ਨੂੰ ਚੱਡ ਕੇ ਬਾਕੀ ਹੋਰ ਸ਼ਹਿਰਾਂ ਚ ਇਸਦਾ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ ।ਸਕੂਲਾਂ ਚ ਜ਼ਰੂਰ ਛੁੱਟੀ ਕਰ ਦਿੱਤੀ ਗਈ ਹੈ ।