Site icon TV Punjab | Punjabi News Channel

ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ: ਪੰਜਾਬ ‘ਚ ਕੱਲ੍ਹ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ ਇਨ੍ਹਾਂ ਜਿਲਿਆਂ ਵਿਚ ਪਵੇਗਾ ਭਾਰੀ ਮੀਂਹ

ਲੁਧਿਆਣਾ – ਪੰਜਾਬ ਵਿਚ ਮਾਨਸੂਨ ਦੀ ਸਰਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਤਾਜਾ ਭਵਿੱਖਬਾਣੀ ਕੀਤੀ ਹੈ। ਇਸ ਭਵਿੱਖਬਾਣੀ ਅਨੁਸਾਰ ਐਤਵਾਰ ਦੁਪਹਿਰ ਬਾਅਦ ਇਕ ਵਾਰ ਮੁੜ ਪੂਰੇ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ ਤੇ ਕਈ ਜ਼ਿਲਿ੍ਹਆਂ ਵਿਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਨਾਲ ਸੋਮਵਾਰ ਨੂੰ ਮੌਨਸੂਨ ਆਪਣੇ ਪੂਰੇ ਰੰਗ ਵਿਚ ਦਿਸੇਗਾ ਅਤੇ ਪੂਰੇ ਸੂਬੇ ਵਿਚ ਛਮ-ਛਮ ਬਾਰਿਸ਼ ਹੋਵੇਗੀ ਜਦਕਿ ਕੁਝ ਜ਼ਿਲਿ੍ਹਆਂ ਵਿਚ ਤੇਜ਼ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸੂਬੇ ਵਿਚ ਤਿੰਨ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਏਕੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਮੌਨਸੂਨ ਨੇ ਸਰਗਰਮੀ ਘਟਾਈ ਹੋਈ ਹੈ ਪਰ ਐਤਵਾਰ ਨੂੰ ਇਕ ਵਾਰ ਦੁਬਾਰਾ ਮੌਨਸੂਨ ਸਰਗਰਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਨਸੂਨ ਕਾਫ਼ੀ ਸ਼ਕਤੀਸ਼ਾਲੀ ਹੈ ਜਿਸ ਨਾਲ ਭਾਰੀ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਜਲੰਧਰ ਤੇ ਆਸਪਾਸ ਦੇ ਜ਼ਿਲਿ੍ਹਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਹੋਰਨਾਂ ਜ਼ਿਲਿ੍ਹਆਂ ਵਿਚ ਵੀ ਆਮ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਤਿੰਨ ਦਿਨ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਪੰਜਾਬ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਸ਼ਨਿਚਰਵਾਰ ਨੂੰ ਸੂਬੇ ਵਿਚ ਕਿਤੇ ਵੀ ਬਾਰਿਸ਼ ਦਰਜ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਲੋਕਾਂ ਨੂੰ ਗਰਮੀ ਕਾਰਨ ਪਰੇਸ਼ਾਨ ਹੋਣਾ ਪਿਆ। ਇਸ ਦੌਰਾਨ ਲੁਧਿਆਣੇ ਦਾ ਤਾਪਮਾਨ 36.3, ਅੰਮਿ੍ਤਸਰ ‘ਚ 35.6, ਬਠਿੰਡੇ ‘ਚ 30.5 ਤੇ ਪਟਿਆਲੇ ਦਾ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Exit mobile version