Salman khan house security: NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹਰ ਪਾਸੇ ਸੋਗ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਬਾ ਸਿੱਦੀਕੀ ਸ਼ਨੀਵਾਰ ਸ਼ਾਮ (12 ਅਕਤੂਬਰ) ਨੂੰ ਕਈ ਦੌਰ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਉਸ ਦੇ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਵੇਖੇ ਜਾ ਸਕਦੇ ਹਨ।
ਸਲਮਾਨ ਖਾਨ ਬਾਬਾ ਸਿੱਦੀਕੀ ਦੇ ਕਰੀਬੀ ਸਨ
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਵਿਚਾਲੇ ਕਾਫੀ ਚੰਗੇ ਰਿਸ਼ਤੇ ਸਨ। ਦੋਵੇਂ ਬਹੁਤ ਨੇੜੇ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਿੱਚ ਲਾਰੇਂਸ ਬਿਸ਼ਨੋਈ ਦੇ ਗੈਂਗ ਦਾ ਹੱਥ ਹੋ ਸਕਦਾ ਹੈ। ਉਦੋਂ ਤੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੈਂਗ ਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਹੋ ਸਕਦੇ ਹਨ। ਹਾਲਾਂਕਿ ਇਸ ਮਾਮਲੇ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਲਾਰੇਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ।
ਇਸ ਸਾਲ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ
ਇਸ ਸਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਬਾਈਕ ਸਵਾਰ ਲੋਕਾਂ ਨੇ ਗੋਲੀਬਾਰੀ ਕੀਤੀ ਸੀ। ਇਸ ਘਟਨਾ ਪਿੱਛੇ ਬਿਸ਼ਨੋਈ ਗੈਂਗ ਦਾ ਹੱਥ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਇਕ ਦੋਸ਼ੀ ਅਨੁਜ ਥਾਪਨ ਨੇ ਪੁਲਸ ਹਿਰਾਸਤ ‘ਚ ਹੀ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਸਲਮਾਨ ਖਾਨ ਅਤੇ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਕੀਤੇ ਸਨ। ਇਸ ਮਾਮਲੇ ਨੇ ਇੱਕ ਵਾਰ ਫਿਰ ਖਾਨ ਪਰਿਵਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਖਾਨ ਪਰਿਵਾਰ ਨੇ ਲੋਕਾਂ ਨੂੰ ਬੇਨਤੀ ਕੀਤੀ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖਬਰਾਂ ਵਿਚਾਲੇ ਸਲਮਾਨ ਖਾਨ ਦੇ ਪਰਿਵਾਰ ਨੇ ਖਾਸ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦੇ ਘਰ ਕੋਈ ਨਹੀਂ ਆਉਣਾ ਚਾਹੀਦਾ। ਇਹ ਅਪੀਲ ਸਿਰਫ ਪ੍ਰਸ਼ੰਸਕਾਂ ਨੂੰ ਹੀ ਨਹੀਂ ਸਗੋਂ ਇੰਡਸਟਰੀ ਦੇ ਸਾਰੇ ਦੋਸਤਾਂ ਅਤੇ ਕਰੀਬੀਆਂ ਨੂੰ ਵੀ ਕੀਤੀ ਗਈ ਹੈ। ਦਰਅਸਲ, ਖਾਨ ਪਰਿਵਾਰ ਦੀ ਅਪੀਲ ਦਾ ਕਾਰਨ ਲੋਕਾਂ ਦੀ ਸੁਰੱਖਿਆ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਸਲਮਾਨ ਖਾਨ ਫੋਨ ‘ਤੇ ਬਾਬਾ ਸਿੱਦੀਕੀ ਦੇ ਅੰਤਿਮ ਸੰਸਕਾਰ ਦੀ ਅਪਡੇਟ ਖੁਦ ਲੈ ਰਹੇ ਹਨ।