Site icon TV Punjab | Punjabi News Channel

ਕਰੀਬ 3.85 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੱਤ ਸਪੋਰਟਸ ਪਾਰਕਾਂ ਦੇ ਨੀਂਹ ਪੱਥਰ ਰੱਖੇ

ਜਲੰਧਰ : ਸੂਬੇ ਭਰ ਵਿਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਛਾਉਣੀ ਹਲਕੇ ਦੇ 7 ਪਿੰਡਾਂ ਵਿਚ ਖੇਡ ਪਾਰਕਾਂ ਦੇ ਨੀਂਹ ਪੱਥਰ ਰੱਖੇ ਅਤੇ ਇਸ ਤੋਂ ਇਲਾਵਾ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਵੱਖ-ਵੱਖ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਵੰਡੇ।

ਸਿੱਖਿਆ ਅਤੇ ਖੇਡ ਮੰਤਰੀ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਅਹਿਮ ਵਿਸ਼ਿਆਂ ਦਾ ਸਮੇਂ ਸਿਰ ਤਾਲਮੇਲ ਸੂਬੇ ਅਤੇ ਦੇਸ਼ ਲਈ ਚੰਗੇ ਨਤੀਜੇ ਲਿਆ ਸਕਦਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਇਸ ਦੀ ਤਾਜ਼ਾ ਮਿਸਾਲ ਹੈ, ਜਿਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਇਨ੍ਹਾਂ ਯਤਨਾਂ ਸਦਕਾ ਭਵਿੱਖ ਵਿਚ ਨਿਸ਼ਚਤ ਤੌਰ ‘ਤੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ।

ਪਿੰਡ ਬੰਬੀਆਂਵਾਲ ਵਿਚ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਦਿਆਂ ਪਰਗਟ ਸਿੰਘ ਨੇ ਦੱਸਿਆ ਕਿ 75.68 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਪੋਰਟਸ ਪਾਰਕ ਵਿਚ ਚੇਂਜਿੰਗ ਰੂਮ, ਐਗਰੀਕਲਚਰ ਸਪ੍ਰਿੰਕਲਰ ਸਿਸਟਮ, ਸੀਸੀ ਫਲੋਰਿੰਗ ਵਾਲਾ ਬਾਸਕਟਬਾਲ ਗਰਾਊਂਡ, ਵਾਲੀਬਾਲ ਕੋਰਟ ਆਦਿ ਸਹੂਲਤਾਂ ਹੋਣਗੀਆਂ।

ਕੈਬਨਿਟ ਮੰਤਰੀ ਭਗਵਾਨ ਵਾਲਮੀਕਿ ਧਰਮਸ਼ਾਲਾ ਵੀ ਗਏ, ਜਿੱਥੇ ਉਨ੍ਹਾਂ ਧਰਮਸ਼ਾਲਾ ਦੇ ਵਿਕਾਸ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਧਨਾਲ ਅਤੇ ਭੋਡੇ ਸਪਰਾਏ ਵਿਖੇ ਕ੍ਰਮਵਾਰ 66.01 ਲੱਖ ਰੁਪਏ ਅਤੇ 49.68 ਲੱਖ ਰੁਪਏ ਦੀ ਲਾਗਤ ਨਾਲ ਸਪੋਰਟਸ ਪਾਰਕਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਖੇਤਰ ਵਿਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

ਪਿੰਡ ਕਾਦੀਆਂਵਾਲੀ ਵਿਚ ਪਰਗਟ ਸਿੰਘ ਵੱਲੋਂ 65.67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ।

ਕੈਬਨਿਟ ਮੰਤਰੀ ਵੱਲੋਂ ਪਿੰਡ ਧੀਨਾ, ਦਾਦੂਵਾਲ ਅਤੇ ਊਧੋਪੁਰ ਵਿਖੇ ਸਪੋਰਟਸ ਪਾਰਕ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ, ਜੋ ਕਿ ਕ੍ਰਮਵਾਰ 17.86 ਲੱਖ, 56.67 ਲੱਖ ਅਤੇ 53.56 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਇਕ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਸਨਦਾਂ ਸੌਂਪਣ ਤੋਂ ਇਲਾਵਾ ਪਿੰਡ ਧਨਾਲ ਖੁਰਦ ਅਤੇ ਧਨਾਲ ਕਲਾਂ ਦੀਆਂ ਪੰਚਾਇਤਾਂ ਨੂੰ 10 ਲੱਖ ਅਤੇ 9 ਲੱਖ ਰੁਪਏ ਦੇ ਚੈੱਕ ਵੀ ਦਿੱਤੇ ਗਏ।

ਟੀਵੀ ਪੰਜਾਬ ਬਿਊਰੋ

Exit mobile version