Washington- ਅਮਰੀਕੀ ਸੂਬੇ ਫੋਲਰਿਡਾ ’ਚ ਕੋਹੜ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸੰਬੰਧੀ ਯੂ. ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਸ਼ਨ (ਸੀ. ਡੀ. ਸੀ.) ਨੇ ਇੱਕ ਚਿਤਾਵਨੀ ਜਾਰੀ ਕਰਕੇ ਕਿਹਾ ਕਿ ਇਹ ਬਿਮਾਰੀ ਖੇਤਰ ’ਚ ਸਧਾਰਣ ਬਣਨ ਦੇ ਰਾਹ ’ਤੇ ਹੋ ਸਕਦੀ ਹੈ। ਸੀ. ਡੀ. ਸੀ. ਨੇ ਕਿਹਾ ਕਿ ਅਮਰੀਕਾ ਦੇ ਦੱਖਣ-ਪੂਰਬੀ ਖੇਤਰ ਅਤੇ ਖ਼ਾਸ ਕਰਕੇ ਕੇਂਦਰੀ ਫਲੋਰਿਡਾ ਵੱਲ ਜਾਣ ਵਾਲੇ ਯਾਤਰੀਆਂ ਨੂੰ ਸੰਚਾਰ ਦੇ ਸੰਭਾਵੀ ਜ਼ੋਖ਼ਮ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਸੀ. ਡੀ. ਸੀ. ਨੇ ਬੀਤੇ ਦਿਨ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਕਿਹਾ, ‘‘ਫਲੋਰਿਡਾ, ਯੂ. ਐੱਸ. ਏ. ’ਚ ਰਿਵਾਇਤੀ ਜ਼ੋਖ਼ਮ ਕਾਰਕਾਂ ਦੀ ਘਾਟ ਵਾਲੇ ਕੋਹੜ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ।’’ ਰਿਪੋਰਟ ’ਚ ਅੱਗੇ ਕਿਹਾ ਗਿਆ ਹੈ, ‘‘ਕਿਸੇ ਵੀ ਸਟੇਟ ’ਚ ਕੋਹੜ ਰੋਗ ਦੇ ਸੰਪਰਕ ਦਾ ਪਤਾ ਲੱਗਦੇ ਵੇਲੇ ਫਲੋਰਿਡਾ ਦੀ ਯਾਤਰਾ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।’’
ਦੇਸ਼ ਦੇ ਰਾਸ਼ਟਰੀ ਹੈਨਸਨ ਰੋਗ ਪ੍ਰੋਗਰਾਮ ਮੁਤਾਬਕ ਸਾਲ 2020 ’ਚ ਅਮਰੀਕਾ ’ਚ ਕੋਹੜ ਰੋਗ ਦੇ 159 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਰਾਜਾਂ ’ਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਉਨ੍ਹਾਂ ’ਚ ਫਲੋਰਿਡਾ ਮੋਹਰੀ ਸੀ। ਰਾਜ ’ਚ 81 ਫ਼ੀਸਦੀ ਮਾਮਲੇ ਕੇਂਦਰੀ ਫਲੋਰਿਡਾ ਤੋਂ ਹਨ ਅਤੇ ਇਹ ਪੂਰੇ ਦੇਸ਼ ’ਚ ਦਰਜ ਮਾਮਲਿਆਂ ਦਾ ਪੰਜਵਾਂ ਹਿੱਸਾ ਹੈ। ਸੀ. ਡੀ. ਸੀ. ਮੁਤਾਬਕ, ਇਹ ਬੈਕਟੀਰੀਆ ਬਹੁਤ ਹੌਲੀ ਰਫ਼ਤਾਰ ਨਾਲ ਵੱਧਦੇ ਹਨ ਅਤੇ ਇਸ ਦੇ ਸ਼ੁਰੂਆਤੀ ਲਾਗ ਮਗਰੋਂ ਪ੍ਰਗਟ ਹੋਣ ’ਚ ਅਕਸਰ 20 ਸਾਲ ਲੱਗ ਸਕਦੇ ਹਨ। ਬੈਕਟੀਰੀਆ ਤੰਤੂਆਂ ’ਤੇ ਹਮਲਾ ਕਰਦੇ ਹਨ, ਜੋ ਚਮੜੀ ਦੇ ਹੇਠਾਂ ਸੁੱਜ ਜਾਂਦੇ ਹਨ ਅਤੇ ਪ੍ਰਭਾਵਿਤ ਖੇਤਰ ਨੂੰ ਛੂਹਣ ਅਤੇ ਦਰਦ ਨੂੰ ਸਮਝਣ ਦੀ ਸਮਰੱਥਾ ਗੁਆ ਦਿੰਦੇ ਹਨ। ਇੰਨਾ ਹੀ ਨਹੀਂ, ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਹੱਥਾਂ ਅਤੇ ਪੈਰਾਂ ਦਾ ਅਧਰੰਗ ਵੀ ਹੋ ਸਕਦਾ ਹੈ।
ਸੀ. ਡੀ. ਸੀ. ਦਾ ਕਹਿਣਾ ਹੈ ਕਿ ਕੋਹੜ ਬਹੁਤ ਜ਼ਿਆਦਾ ਛੂਤ ਵਾਲਾ ਰੋਗ ਨਹੀਂ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੋਕਾਂ ’ਚ ਫੈਲਸਦਾ ਕਿਵੇਂ ਹੈ। ਇਹ ਉਦੋਂ ਹੋ ਸਕਦਾ ਹੈ, ਜਦੋਂ ਇੱਕ ਸੰਕਰਮਿਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਅਤੇ ਜੇਕਰ ਕੋਈ ਸਿਹਤਮੰਦ ਵਿਅਕਤੀ ਬੈਕਟਰੀਆ ਪ੍ਰਭਾਵਿਤ ਬੂੰਦਾਂ ’ਚ ਸਾਹ ਲੈਂਦਾ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।