Ottawa- ਨੈਨੋਸ ਰਿਸਰਚ ਦੇ ਨਵੇਂ ਸਰਵੇਖਣ ਮੁਤਾਬਕ, ਫੈਡਰਲ ਲਿਬਰਲ ਨੌਜਵਾਨ ਵੋਟਰਾਂ ਵਿਚਾਲੇ ਪ੍ਰਸਿੱਧੀ ’ਚ ਗਿਰਾਵਟ ਦੇਖ ਰਹੇ ਹਨ, ਜਿਹੜਾ ਕਿ ਕਦੇ ਉਨ੍ਹਾਂ ਦਾ ਆਧਾਰ ਸੀ ਅਤੇ ਅਗਸਤ ਦੇ ਅੰਤ ਤੱਕ ਉਹ ਕੰਜ਼ਰਵੇਟਿਵਾਂ ਤੋਂ 23 ਅੰਕ ਪਿੱਛੇ ਰਹਿ ਗਏ ਹਨ। ਅੰਕੜੇ ਦਰਸਾਉਂਦੇ ਹਨ ਕਿ ਲਿਬਰਲ 18-29 ਸਾਲ ਦੇ ਨੌਜਵਾਨਾਂ ’ਚ 15.97 ਫ਼ੀਸਦੀ ਦਰ ਨਾਲ ਤੀਜੇ ਸਥਾਨ ’ਤੇ ਹਨ, ਜਦੋਂ ਕਿ ਕੰਜ਼ਰਵੇਟਿਵ ਅਤੇ ਐਨਡੀਪੀ ਕ੍ਰਮਵਾਰ 39.21 ਅਤੇ 30.92 ਫ਼ੀਸਦੀ ਦਰ ਨਾਲ ਪਹਿਲੇ ਦੂਜੇ ਸਥਾਨ ’ਤੇ।
ਇਹ ਲਿਬਰਲਾਂ ਲਈ ਇੱਕ ਗਿਰਾਵਟ ਹੈ, ਜੋ ਅਗਸਤ ਦੀ ਸ਼ੁਰੂਆਤ ’ਚ ਇਸੇ ਉਮਰ ਸਮੂਹ ਲਈ 26.8 ਫ਼ੀਸਦੀ ’ਤੇ ਸਨ ਅਤੇ ਇਹ ਕੰਜ਼ਰਵੇਟਿਵਾਂ ਲਈ ਇੱਕ ਹੁਲਾਰਾ ਹੈ, ਜੋ ਮਹੀਨੇ ਦੀ ਸ਼ੁਰੂਆਤ ਵਿੱਚ 29.3 ਫ਼ੀਸਦੀ ਦੇ ਅੰਕੜੇ ਤੋਂ ਉੱਪਰ ਉੱਠੇ ਹਨ। ਇਸ ਬਾਰੇ ’ਚ ਗੱਲਬਾਤ ਕਰਦਿਆਂ ਨੈਨੋਸ ਰਿਸਰਚ ਦੇ ਮੁੱਖ ਡੇਟਾ ਵਿਗਿਆਨੀ ਅਤੇ ਸੰਸਥਾਪਕ ਨਿਕ ਨੈਨੋਸ ਨੇ ਕਿਹਾ, ‘‘ਜੇ ਮੈਂ ਲਿਬਰਲ ਹੁੰਦਾ ਤਾਂ ਮੈਨੂੰ ਬਹੁਤ ਚਿੰਤਾ ਹੋਵੇਗੀ।’’ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੂੰ ਅਗਲੀਆਂ ਚੋਣਾਂ ਜਿੱਤਣ ਲਈ ਤਿੰਨ ਚੀਜ਼ਾਂ ਕਰਨੀਆਂ ਪੈਣਗੀਆਂ, ਜੋ ਕਿ ਵਰਤਮਾਨ ’ਚ 2025 ਲਈ ਨਿਰਧਾਰਤ ਹਨ। ਇਨ੍ਹਾਂ ਚੀਜ਼ਾਂ ’ਚ ਉਨ੍ਹਾਂ ਔਰਤਾਂ ਨੂੰ ਜਿੱਤਣਾ ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਨੂੰ ਆਪਣਾ ਸਮਰਥਨ ਦਿੱਤਾ ਹੈ, ਇੱਕ ਪ੍ਰਗਤੀਸ਼ੀਲ ਬੈਨਰ ਹੇਠ ਨੌਜਵਾਨ ਵੋਟਰਾਂ ਨੂੰ ਲਾਮਬੰਦ ਕਰਨਾ, ਅਤੇ ਮਰਦ ਵੋਟਰਾਂ ’ਚ ਵਧੇਰੇ ਮੁਕਾਬਲੇਬਾਜ਼ ਹੋਣਾ ਸ਼ਾਮਿਲ ਹਨ।
ਨੈਨੋਸ ਨੇ ਕਿਹਾ ਕਿ ਇਸ ਸਮੇਂ ਕੰਜ਼ਰਵੇਟਿਵ ਪੁਰਸ਼ ਵੋਟਰਾਂ ’ਚ ਅਸਲ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉਹ ਪਹਿਲਾਂ ਨਾਲੋਂ ਮਹਿਲਾ ਵੋਟਰਾਂ ’ਚ ਵਧੇਰੇ ਮੁਕਾਬਲੇਬਾਜ਼ ਹਨ ਅਤੇ ਕੰਜ਼ਰਵੇਟਿਵ ਹੁਣ ਨੌਜਵਾਨ ਵੋਟਰਾਂ ’ਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਇਸਦਾ ਮਤਲਬ ਹੈ ਕਿ ਲਿਬਰਲ ਗੱਠਜੋੜ ਜੋ 2015 ’ਚ ਬਣਾਇਆ ਗਿਆ ਸੀ, ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਹਿਰ, ਹੌਲੀ-ਹੌਲੀ ਸੁਲਝ ਰਹੀ ਹੈ, ਅਤੇ ਉਨ੍ਹਾਂ ਨੂੰ ਇਸ ਰੁਝਾਨ ਨੂੰ ਉਲਟਾਉਣਾ ਪਏਗਾ ਜੇਕਰ ਉਨ੍ਹਾਂ ਨੇ ਸੱਤਾ ’ਚ ਬਣੇ ਰਹਿਣਾ ਹੈ।’’
ਨੈਨੋ ਰਿਸਰਚ ਤਾਜ਼ਾ ਅੰਕੜੇ ਅਜਿਹੇ ਸਮੇਂ ’ਚ ਆਏ ਹਨ, ਜਦੋਂ ਟਰੂਡੋ ਨੌਜਵਾਨ ਆਬਾਦੀ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਹਫ਼ਤੇ, ਆਪਣੀ ਕੈਬਟਿਨ ਦੀ ਬੈਠਕ ਨੂੰ ਸਮਾਪਤ ਕਰਦਿਆਂ ਟਰੂਡੋ ਨੇ ਨੌਜਵਾਨਾਂ ਲਈ ਖ਼ਾਸ ਸੰਦੇਸ਼ ਵੀ ਦਿੱਤਾ ਸੀ। ਰਿਹਾਇਸ਼ ਦੀ ਸਮਰੱਥਾ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ, ਟਰੂਡੋ ਨੇ ਨੌਜਵਾਨਾਂ ਆਬਾਦੀ ਤੱਕ ਤੱਕ ਸਿੱਧੇ ਤੌਰ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੇ ਪਿਛਲੀਆਂ ਚੋਣਾਂ ਜਿੱਤਣ ’ਚ ਉਨ੍ਹਾਂ ਦੀ ਮਦਦ ਕੀਤੀ ਸੀ। ਨੈਨੋਸ ਨੇ ਕਿਹਾ ਕਿ 2015 ’ਚ, ਨੌਜਵਾਨ ਕੈਨੇਡੀਅਨਾਂ ਨੇ ਲਿਬਰਲਾਂ ਅਤੇ ਜਸਟਿਨ ਟਰੂਡੋ ਨੂੰ ਇਹ ਸੋਚ ਕੇ ਗਲੇ ਲਗਾਇਆ ਕਿ ਚੀਜ਼ਾਂ ਵੱਖਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਣ 2023 ’ਚ ਸਭ ਬਦਲ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਨੌਜਵਾਨ ਕੈਨੇਡੀਅਨ ਲਿਬਰਲਾਂ ਨੂੰ ਛੱਡ ਰਹੇ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਉਹ ਦੋ ਦਿਸ਼ਾਵਾਂ ’ਚ ਜਾ ਰਹੇ ਹਨ ਅਤੇ ਸਾਬਕਾ ਨੌਜਵਾਨ ਵੋਟਰ ਲਿਬਰਲਾਂ ਤੋਂ ਵੱਖ ਹੋ ਕੇ ਕੰਜ਼ਰਵੇਟਿਵਾਂ ਅਤੇ ਐਨ. ਡੀ. ਪੀ. ਨੂੰ ਆਪਣਾ ਸਮਰਥਨ ਦੇ ਰਹੇ ਹਨ।
ਨੈਨੋਸ ਨੇ ਕਿਹਾ, ਜੋ ਲੋਕ ਕਿਫਾਇਤੀ ਸੰਕਟ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਹਨ, ਉਹ ਕੰਜ਼ਰਵੇਟਿਵਾਂ ਵੱਲ ਜਾ ਰਹੇ ਹਨ, ਜਦੋਂ ਕਿ ਬਹੁਤ ਸਾਰੇ ਮਹਿਸੂਸ ਕਰਦੇ ਹਨ ਕਿ ਲਿਬਰਲ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ ’ਤੇ ਕਾਫ਼ੀ ਨਹੀਂ ਕਰ ਰਹੇ ਹਨ, ਅਤੇ ਉਹ ਵਧੇਰੇ ਪ੍ਰਗਤੀਸ਼ੀਲ ਨੀਤੀਆਂ ਚਾਹੁੰਦੇ ਹਨ, ਇਸ ਲਈ ਉਹ ਐੱਨ. ਡੀ. ਪੀ. ਨੂੰ ਆਪਣਾ ਸਮਰਥਨ ਦੇ ਰਹੇ ਹਨ।