Site icon TV Punjab | Punjabi News Channel

ਪੰਜਾਬ ‘ਚ ਅੱਜ ਚੋਣ ਪ੍ਰਚਾਰ ‘ਤੇ ਲੱਗਣਗੀਆਂ ਬ੍ਰੇਕਾਂ, ਸਟਾਰ ਪ੍ਰਚਾਰਕਾਂ ਨੂੰ ਛੱਡਣਾ ਪਵੇਗਾ ਸੂਬਾ

ਡੈਸਕ- ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਤੇ ਅੱਜ ਸ਼ਾਮ ਬ੍ਰੇਕ ਲੱਗ ਜਾਵੇਗੀ। ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਟਾਰ ਪ੍ਰਚਾਰਕਾਂ ਨੂੰ ਰਾਜ ਛੱਡਣਾ ਹੋਵੇਗਾ। ਇਹ ਹੁਕਮ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਵਿੱਚ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਨੂੰ ਜਾਰੀ ਕੀਤੇ ਗਏ ਹਨ।

ਹੁਕਮਾਂ ਵਿੱਚ 30 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਖਤਮ ਹੋਣ ਤੱਕ ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ, ਨਾਅਰੇ ਲਗਾਉਣ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਤੁਸੀਂ ਲਾਊਡਸਪੀਕਰ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਦੇ ਨਾਲ ਹੀ 1 ਜੂਨ ਨੂੰ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਨਹੀਂ ਆ ਸਕਦਾ ਜਾਂ ਪੋਲਿੰਗ ਸਟੇਸ਼ਨ ਦੇ ਅੰਦਰ ਮੋਬਾਈਲ, ਵਾਇਰਲੈੱਸ ਫ਼ੋਨ ਦੀ ਵਰਤੋਂ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।

ਦੂਜੇ ਪਾਸੇ ਪ੍ਰਚਾਰ ਲਈ ਬਾਹਰੀ ਸੂਬਿਆਂ ਤੋਂ ਆਏ ਲੀਡਰਾਂ ਨੂੰ ਵੀ ਵਾਪਸ ਆਪਣੇ ਘਰਾਂ ਨੂੰ ਜਾਣਾ ਹੋਵੇਗਾ। ਅੱਜ ਸ਼ਾਮ ਠੀਕ 6 ਵਜੇ ਤੋਂ ਬਾਅਦ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ ਕਿ ਕੋਈ ਵੀ ਸਿਆਸੀ ਪਾਰਟੀ ਚੋਣ ਰੈਲੀ ਜਾਂ ਜਨਤਕ ਮੀਟਿੰਗ ਨਾ ਕਰੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਸਤਵੇਂ ਅਤੇ ਆਖਰੀ ਗੇੜ੍ਹ ਤਹਿਤ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਹਨ। ਇਹਨਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਜਿਸ ਦੇ ਲਈ ਚੋਣ ਕਮਿਸ਼ਨ ਨੇ ਪੂਰੀ ਤਿਆਰੀ ਕਰ ਲਈ ਹੈ।

Exit mobile version