Vancouver: ਦੋ ਪੀੜਤਾਂ ਤੋਂ ਠੱਗੇ ਗਏ $9,50,000 ਦੇ ਮਾਮਲੇ ‘ਚ ਬਰੈਂਪਟਨ ਦੇ ਇੰਦਰਜੀਤ ਸਿੰਘ (26) ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਇਕ ਵਿਅਕਤੀ ਨੂੰ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਫਰਾਰ ਹੋਏ ਸਾਊਥ ਏਸ਼ੀਅਨ ਜੋੜੇ ਦੀ ਭਾਲ RCMP ਕਰ ਰਹੀ ਹੈ।
ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਕੌਮਾਂਤਰੀ ਠੱਗਾਂ ਨੇ ਪਿਛਲੇ ਸਾਲ 83 ਸਾਲ ਦੇ ਇਕ ਬਜ਼ੁਰਗ ਨਾਲ ਸੰਪਰਕ ਕਰਦਿਆਂ ਉਸ ਨੂੰ ਪੀ.ਸੀ. ਫਾਇਨੈਂਸ਼ੀਅਲ ਦਾ GIC ਵੇਚਣ ਦਾ ਝਾਂਸਾ ਦਿੱਤਾ, ਜਿਸ ਵਿੱਚ ਉਸ ਨੇ ਆਪਣੀ ਰਿਟਾਇਰਮੈਂਟ ਬਚਤ ਦੇ 7 ਲੱਖ 50 ਹਜ਼ਾਰ ਡਾਲਰ ਗੁਆ ਦਿੱਤੇ। ਇਸੇ ਦੌਰਾਨ ਐਲਬਰਟਾ ਦੇ ਇਕ ਪੀੜਤ ਨੇ ਵੀ ਠੱਗਾਂ ਹੱਥ ਢਾਈ ਲੱਖ ਡਾਲਰ ਗੁਆ ਦਿਤੇ। ਠੱਗਾਂ ਦਾ ਟਿਕਾਣਾ ਇੰਗਲੈਂਡ ਵਿਚ ਸਾਹਮਣੇ ਆਇਆ, ਜਿਥੇ ਮੌਜੂਦ ਸ਼ੱਕੀਆਂ ਨੇ ਪੀ.ਸੀ. ਫਾਇਨੈਂਸ਼ੀਅਲ ਐਡਵਾਈਜ਼ਰਜ਼ ਬਣ ਕੇ ਉਨਟਾਰੀਓ ਅਤੇ ਐਲਬਰਟਾ ਦੇ ਲੋਕਾਂ ਨਾਲ ਸੰਪਰਕ ਕੀਤਾ।
ਉਨਟਾਰੀਓ ਵਿਚ ਮੌਜੂਦ ਇਕ ਸ਼ੱਕੀ, ਠੱਗਾਂ ਦੀ ਮਦਦ ਕਰ ਰਿਹਾ ਸੀ ਜਿਸ ਨੇ ਰਕਮ ਹਾਸਲ ਕਰਨ ਅਤੇ ਇੰਗਲੈਂਡ ਦੇ ਖਾਤਿਆਂ ਵਿਚ ਟ੍ਰਾਂਸਫ਼ਰ ਕਰਨ ਦਾ ਕੰਮ ਕੀਤਾ। ਪੁਲਿਸ ਮੁਤਾਬਕ ਬਰੈਂਪਟਨ ਦੇ ਸ਼ੱਕੀ ਵੱਲੋਂ ਇੰਟੈਕਟ ਗਲੋਬਲ ਇਨਕਾਰਪੋਰੇਸ਼ਨ ਨਾਂ ਦੀ ਇਕ ਫ਼ਰਜ਼ੀ ਕੰਪਨੀ ਬਣਾਉਂਦਿਆਂ ਕਈ ਬੈਂਕਾਂ ਵਿਚ ਬਿਜ਼ਨਸ ਅਕਾਊਂਟ ਖੋਲ੍ਹ ਲਏ। ਇਨ੍ਹਾਂ ਖਾਤਿਆਂ ਵਿਚ ਹੀ 9 ਲੱਖ 50 ਹਜ਼ਾਰ ਡਾਲਰ ਦੀ ਰਕਮ ਪੁੱਜੀ। ਪੁਲਿਸ ਨੇ ਅੱਗੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਅਪਰਾਧ ਦੀ ਕਮਾਈ ਨੂੰ ਲਾਂਡਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।
ਪੁਲਿਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਕਿਸੇ ਵੀ ਯੋਜਨਾ ਵਿਚ ਨਿਵੇਸ਼ ਕਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਨਲਾਈਨ ਪੋਰਟਲਾਂ ਦੀ ਬਜਾਏ ਬੈਂਕਾਂ ਜਾਂ ਹੋਰਨਾਂ ਵਿੱਤੀ ਅਦਾਰਿਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਜਾਂਚਕਰਤਾਵਾਂ ਨੇ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ 905 825 4777 ਐਕਸਟੈਨਸ਼ਨ 8739 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਮਨਾਮ ਜਾਣਕਾਰੀ ਕ੍ਰਾਈਮ ਸਟੌਪਰਜ਼ ਨੂੰ 1-800-222-8477 ‘ਤੇ ਦਿੱਤੀ ਜਾ ਸਕਦੀ ਹੈ।

ਉਧਰ, ਬੀ.ਸੀ. ਦੇ ਸਿਡਨੀ/ਨੌਰਥ ਸਾਨਿਚ ਇਲਾਕੇ ਦੀ ਪੁਲਿਸ ਇਕ ਸਾਊਥ ਏਸ਼ੀਅਨ ਜੋੜੇ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਦੱਸਿਆ ਕਿ 9 ਦਸੰਬਰ ਨੂੰ ਇਕ ਗੈਸ ਸਟੇਸ਼ਨ ’ਤੇ ਵਾਪਰੀ ਘਟਨਾ ਦੌਰਾਨ ਇਕ ਸਾਊਥ ਏਸ਼ੀਅਨ ਜੋੜੇ ਨੇ ਪੀੜਤ ਨਾਲ ਸੰਪਰਕ ਕਰਦਿਆਂ ਮਿੰਨਤਾਂ ਕੀਤੀਆਂ ਕਿ ਉਹ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਨਕਦ ਰਕਮ ਮੌਜੂਦ ਨਹੀਂ।
ਸ਼ੱਕੀ ਜੋੜੇ ਨੇ ਪੀੜਤ ਅੱਗੇ ਕਈ ਕਿਸਮ ਦੇ ਗਹਿਣੇ ਪੇਸ਼ ਕਰਦਿਆਂ ਸ਼ੁੱਧ ਸੋਨੇ ਤੋਂ ਬਣੇ ਹੋਣ ਦਾ ਦਾਅਵਾ ਕੀਤਾ ਅਤੇ ਘਰ ਵਾਪਸੀ ਲਈ ਆਰਥਿਕ ਮਦਦ ਦੀ ਗੁਜ਼ਾਰਿਸ਼ ਕਰਨ ਲੱਗੇ। ਪੀੜਤ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਰਕਮ ਦੇ ਦਿਤੀ ਪਰ ਬਾਅਦ ਵਿਚ ਇਹ ਗਹਿਣੇ ਨਕਲੀ ਸਾਬਤ ਹੋਏ। ਪੁਲਿਸ ਮੁਤਾਬਕ ਸਾਊਥ ਏਸ਼ੀਅਨ ਜੋੜਾ ਗੂੜ੍ਹੇ ਰੰਗ ਦੀ ਐਸ.ਯੂ.ਵੀ. ਵਿਚ ਮੌਕੇ ਤੋਂ ਰਵਾਨਾ ਹੋਇਆ ਪਰ ਹੁਣ ਤੱਕ ਪੈੜ ਨੱਪੀ ਨਹੀਂ ਜਾ ਸਕੀ।
ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ ਦੇ ਅੰਤਲੇ ਦਿਨਾਂ ਅਤੇ ਦਸੰਬਰ ਦੇ ਸ਼ੁਰੂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਸੋਧ (3 ਨਵੰਬਰ 2026): ਇਸ ਖ਼ਬਰ ਦੇ ਪਹਿਲੇ ਸੰਸਕਰਣ ਵਿੱਚ ਠੱਗੀ ਦੇ ਤਰੀਕੇ, ਪੀੜਤਾਂ ਬਾਰੇ ਜਾਣਕਾਰੀ, ਤੀਜੇ ਦੋਸ਼ ਅਤੇ ਇਨਾਮ ਬਾਰੇ ਗ਼ਲਤ ਜਾਣਕਾਰੀ ਸੀ। ਇਸ ਨੂੰ ਹਾਲਟਨ ਰੀਜਨਲ ਪੁਲਿਸ ਦੇ ਬਿਆਨ ਅਨੁਸਾਰ ਠੀਕ ਕਰ ਦਿੱਤਾ ਗਿਆ ਹੈ। / Correction (Nov. 3, 2026): An earlier version misdescribed how the 83-year-old victim was defrauded, described the Sidney victim in terms police did not use, misstated the third charge, and cited a reward police did not announce. It has been corrected to match the Halton Regional Police release. The charges have not been proven in court.