ਰਸੋਈ ਗੈਸ ਦੀਆਂ ਕੀਮਤਾਂ ਇਕ ਵਾਰ ਫਿਰ ਵਧੀਆਂ

ਨਵੀਂ ਦਿੱਲੀ : ਇਕ ਵਾਰ ਫਿਰ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਇਸ ਦਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਦੀਆਂ ਜੇਬਾਂ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪੈਣ ਵਾਲਾ ਹੈ। ਮਹੀਨੇ ਦੇ ਪਹਿਲੇ ਹਫ਼ਤੇ ਹੀ, ਘਰੇਲੂ ਰਸੋਈ ਗੈਸ ਸਿਲੰਡਰ ਇਕ ਵਾਰ ਫਿਰ ਮਹਿੰਗਾ ਹੋਣ ਨਾਲ ਲੋਕ ਹੈਰਾਨ ਹਨ। ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਦੀ ਕੀਮਤ 6 ਅਕਤੂਬਰ ਤੋਂ ਵਧਾ ਦਿੱਤੀ ਹੈ।

ਜਿਨ੍ਹਾਂ ਲੋਕਾਂ ਕੋਲ ਬਿਨਾਂ ਸਬਸਿਡੀ ਵਾਲੇ ਸਿਲੰਡਰ ਹਨ, ਉਨ੍ਹਾਂ ਲਈ 14.2 ਕਿਲੋ ਦੇ ਸਿਲੰਡਰ ਦੀ ਕੀਮਤ ਵਿਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਦਿੱਲੀ ਵਿਚ ਐਲਪੀਜੀ ਸਿਲੰਡਰ ਦੀ ਕੀਮਤ 884.50 ਰੁਪਏ ਤੋਂ ਵਧ ਕੇ 899.50 ਰੁਪਏ ਹੋ ਗਈ ਹੈ।

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 43.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ। ਹਾਲਾਂਕਿ, ਉਸ ਸਮੇਂ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਸੀ।

ਐਲਪੀਜੀ ਸਿਲੰਡਰ ਦੀ ਕੀਮਤ ਵਿਚ ਵਾਧੇ ਤੋਂ ਬਾਅਦ ਹੁਣ ਦਿੱਲੀ ਵਿਚ ਬਿਨਾਂ ਸਬਸਿਡੀ ਦੇ 14.2 ਕਿਲੋ ਸਿਲੰਡਰ ਦੀ ਕੀਮਤ ਵਧ ਕੇ 899.50 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ ਐਲਪੀਜੀ ਸਿਲੰਡਰ ਦੀ ਕੀਮਤ 911 ਰੁਪਏ ਤੋਂ ਵਧ ਕੇ 926 ਰੁਪਏ ਹੋ ਗਈ ਹੈ।

ਮੁੰਬਈ ਵਿਚ ਐਲਪੀਜੀ ਦੀ ਕੀਮਤ 844.50 ਰੁਪਏ ਤੋਂ ਵਧ ਕੇ 899.50 ਰੁਪਏ ਹੋ ਗਈ ਹੈ। ਚੇਨਈ ਵਿਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 915.50 ਰੁਪਏ ਹੈ। ਦਿੱਲੀ ਵਿਚ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ 1736.5 ਰੁਪਏ ਹੈ।

ਕੋਲਕਾਤਾ ਵਿਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1805.5 ਰੁਪਏ ਹੈ, ਮੁੰਬਈ ਵਿਚ 1685 ਰੁਪਏ ਅਤੇ ਚੇਨਈ ਵਿਚ 1867.5 ਰੁਪਏ ਪ੍ਰਤੀ ਸਿਲੰਡਰ ਹੈ। ਇਹ ਜਾਣਿਆ ਜਾਂਦਾ ਹੈ ਕਿ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ ਵਾਧੇ ਦੇ ਕਾਰਨ ਸੀਐਨਜੀ-ਪੀਐਨਜੀ ਅਤੇ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

ਇੰਦਰਪ੍ਰਸਥ ਗੈਸ ਲਿਮਟਿਡ ਨੇ ਦਿੱਲੀ-ਐਨਸੀਆਰ ਵਿਚ ਸੀਐਨਜੀ ਦੀ ਦਰ ਵਿਚ 2.55 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਪੀਐਨਜੀ ਦੀ ਕੀਮਤ ਵਿਚ 2.10 ਰੁਪਏ ਪ੍ਰਤੀ ਘਣ ਮੀਟਰ ਦਾ ਵਾਧਾ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ