Mumbai Indians vs Lucknow Super Giants : ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 67ਵੇਂ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਮੇਜ਼ਬਾਨ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰਨ ਤੋਂ ਬਾਅਦ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 214 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਮੁੰਬਈ ਇੰਡੀਅਨਜ਼ ਨੂੰ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ‘ਤੇ 196 ਦੌੜਾਂ ‘ਤੇ ਰੋਕ ਦਿੱਤਾ।
ਲਖਨਊ ਸੁਪਰ ਜਾਇੰਟਸ ਨੇ ਜਿੱਤ ਨਾਲ ਸੀਜ਼ਨ ਨੂੰ ਕਿਹਾ ਅਲਵਿਦਾ
ਲਖਨਊ ਸੁਪਰ ਜਾਇੰਟਸ ਨੇ 14 ਮੈਚਾਂ ਵਿੱਚ ਸੱਤ ਜਿੱਤਾਂ ਅਤੇ ਸੱਤ ਹਾਰਾਂ ਤੋਂ ਬਾਅਦ 14 ਅੰਕਾਂ ਦੇ ਨਾਲ ਆਈਪੀਐਲ 2024 ਸੀਜ਼ਨ ਦੀ ਸਮਾਪਤੀ ਕੀਤੀ। ਟੀਮ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਮੁੰਬਈ ਇੰਡੀਅਨਜ਼ ਨੇ 14 ਮੈਚਾਂ ਵਿੱਚ ਚਾਰ ਜਿੱਤਾਂ ਅਤੇ 10 ਹਾਰਾਂ ਦੇ ਬਾਅਦ 8 ਅੰਕਾਂ ਨਾਲ ਸੀਜ਼ਨ 10ਵੇਂ ਨੰਬਰ ‘ਤੇ ਰਿਹਾ।
ਲਖਨਊ ਵੱਲੋਂ ਦਿੱਤੇ 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਡੀਵਾਲਡ ਬ੍ਰੇਵਿਸ (23) ਅਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ (68) ਨੇ ਪਹਿਲੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕਰਕੇ ਮਜ਼ਬੂਤ ਸ਼ੁਰੂਆਤ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਟੀਮ ਨੇ 116 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਬ੍ਰੇਵਿਸ ਅਤੇ ਰੋਹਿਤ ਤੋਂ ਇਲਾਵਾ ਸੂਰਿਆਕੁਮਾਰ ਯਾਦਵ (0) ਅਤੇ ਕਪਤਾਨ ਹਾਰਦਿਕ ਪੰਡਯਾ (16) ਦੀਆਂ ਵਿਕਟਾਂ ਵੀ ਸ਼ਾਮਲ ਹਨ। ਰੋਹਿਤ ਨੇ 38 ਗੇਂਦਾਂ ‘ਚ 10 ਚੌਕੇ ਤੇ ਤਿੰਨ ਛੱਕੇ ਲਾਏ ਜਦਕਿ ਬ੍ਰੇਵਿਸ ਨੇ 20 ਗੇਂਦਾਂ ‘ਚ ਇਕ ਚੌਕਾ ਤੇ ਦੋ ਛੱਕੇ ਲਾਏ।
ਇਸ ਤੋਂ ਬਾਅਦ ਟੀਮ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਉਂਦੀ ਰਹੀ ਅਤੇ ਪੂਰੇ 20 ਓਵਰ ਖੇਡਣ ਤੋਂ ਬਾਅਦ 6 ਵਿਕਟਾਂ ‘ਤੇ 196 ਦੌੜਾਂ ਹੀ ਬਣਾ ਸਕੀ। ਨਮਨ ਧੀਰ ਨੇ ਅਜੇਤੂ 62 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਇੱਕ ਦੌੜ ਦੇ ਸਕੋਰ ‘ਤੇ ਦੇਵਦੱਤ ਪਡੀਕਲ (0) ਦਾ ਵਿਕਟ ਗੁਆ ਦਿੱਤਾ। ਪਰ ਇਸ ਤੋਂ ਬਾਅਦ ਕਪਤਾਨ ਕੇਐਲ ਰਾਹੁਲ (55) ਨੇ ਮਾਰਕਸ ਸਟੋਇਨਿਸ (28) ਨਾਲ ਦੂਜੀ ਵਿਕਟ ਲਈ 48 ਦੌੜਾਂ, ਦੀਪਕ ਹੁੱਡਾ (11) ਨਾਲ ਤੀਜੀ ਵਿਕਟ ਲਈ 20 ਦੌੜਾਂ ਅਤੇ ਫਿਰ ਨਿਕੋਲਸ ਪੂਰਨ (75) ਨਾਲ ਚੌਥੀ ਵਿਕਟ ਲਈ 20 ਦੌੜਾਂ ਜੋੜੀਆਂ। 44 ਗੇਂਦਾਂ ‘ਤੇ 109 ਦੌੜਾਂ ਦੀ ਸਾਂਝੇਦਾਰੀ ਨਾਲ ਲਖਨਊ ਨੇ ਇਸ ਨੂੰ 170 ਤੋਂ ਪਾਰ ਕਰ ਲਿਆ।
ਹਾਲਾਂਕਿ ਲਖਨਊ ਨੇ 17ਵੇਂ ਓਵਰ ਦੀ ਲਗਾਤਾਰ ਦੋ ਗੇਂਦਾਂ ‘ਤੇ ਪੂਰਨ ਅਤੇ ਆਖਰੀ ਮੈਚ ਦੇ ਹੀਰੋ ਅਰਸ਼ਦ ਖਾਨ (0) ਨੂੰ ਆਊਟ ਕਰਕੇ ਅਤੇ ਫਿਰ 18ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਰਾਹੁਲ ਨੂੰ ਆਊਟ ਕਰਕੇ ਲਗਾਤਾਰ ਤਿੰਨ ਗੇਂਦਾਂ ‘ਤੇ ਟੀਮ ਨੂੰ ਤਿੰਨ ਝਟਕੇ ਦਿੱਤੇ। ਪੂਰਨ ਨੇ 29 ਗੇਂਦਾਂ ਵਿੱਚ ਪੰਜ ਚੌਕੇ ਤੇ ਅੱਠ ਛੱਕੇ ਜੜੇ ਜਦਕਿ ਰਾਹੁਲ ਨੇ 41 ਗੇਂਦਾਂ ਵਿੱਚ ਤਿੰਨ ਚੌਕੇ ਤੇ ਇੰਨੇ ਹੀ ਛੱਕੇ ਲਾਏ। ਲਖਨਊ ਨੇ ਆਖਰੀ ਓਵਰ ਵਿੱਚ 19 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ ਨਾਬਾਦ 22 ਅਤੇ ਕਰੁਣਾਲ ਪੰਡਯਾ ਨੇ ਨਾਬਾਦ 12 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਲਈ ਪਿਊਸ਼ ਚਾਵਲਾ ਅਤੇ ਨੁਵਾਨ ਤੁਸ਼ਾਰਾ ਨੇ ਤਿੰਨ-ਤਿੰਨ ਵਿਕਟਾਂ ਲਈਆਂ।