ਚੰਡੀਗੜ੍ਹ- 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ ਬਜਟ ਸੈਸ਼ਨ 24 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ‘ਆਪ’ ਸਰਕਾਰ ਦਾ ਇਹ ਬਜਟ ਸੈਸ਼ਨ ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਸਦਨ ਵਿਚ ਬਹੁਤ ਘੱਟ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਹੰਗਾਮੇ ਭਰਿਆ ਰਹੇਗਾ। ਇਕ ਹਫ਼ਤਾ ਚਲਣ ਵਾਲੇ ਇਸ ਸੈਸ਼ਨ ਵਿਚ ਅੱਜ ਪਹਿਲੇ ਹੀਦਿਨ ਦੋ ਬੈਠਕਾਂ ਹੋਣਗੀਆਂ।
ਸਵੇਰੇ ਪਹਿਲੀ ਬੈਠਕ ਵਿਚ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ ਅਤੇ ਬਾਅਦ ਦੁਪਹਿਰ ਦੂਜੀ ਬੈਠਕ ਵਿਚ 21 ਮਾਰਚ ਨੂੰ ਹੋਏ ਸੈਸ਼ਨ ਵਿਚ ਰਾਜਪਾਲ ਵਲੋਂ ਪੇਸ਼ ਕੀਤੇ ਗਏ ਸਰਕਾਰ ਦੇ ਭਾਸ਼ਨ ਉਪਰ ਬਹਿਸ ਦੀ ਸ਼ੁਰੂਆਤ ਹੋਵੇਗੀ। ਇਸ ਬਹਿਸ ਦੌਰਾਨ ਹੀ ਵਿਰੋਧੀ ਧਿਰ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਘੇਰਾਬੰਦੀ ਦੀ ਰਣਨੀਤੀ ਬਣਾਈ ਗਈ ਹੈ। ਸਿਫ਼ਰ ਤੇ ਪ੍ਰਸ਼ਨ ਕਾਲ ਦੌਰਾਨ ਵੀ ਵਿਰੋਧੀ ਧਿਰ ਵਲੋਂ ਸੱਤਾਧਿਰ ਨੂੰ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਘੇਰਨ ਦੀ ਤਿਆਰੀ ਹੈ।
ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੀ ਸ਼ੁਰੂਆਤ ਲਈ ‘ਆਪ’ ਦੇ ਅਮਨ ਅਰੋੜਾ ਵਲੋਂ ਮਤਾ ਲਿਆਂਦਾ ਜਾਵੇਗਾ। ਇਸ ਸਮੇਂ ਸਦਨ ਵਿਚ ਸੱਤਾਧਿਰ ‘ਆਪ’ ਦੇ 92 ਮੈਂਬਰ ਹਨ। ਕਾਂਗਰਸ ਦੇ 18, ਸ਼੍ਰੋਮਣੀ ਅਕਾਲੀ ਦਲ ਦੇ 3, ਭਜਪਾ ਦੇ 2 ਅਤੇ ਬਸਪਾ ਦਾ 1 ਮੈਂਬਰ ਹੈ। ਇਕ ਆਜ਼ਾਦ ਮੈਂਬਰ ਹੈ।