ਕਾਬੁਲ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਅਸੀਂ ਇਸ ਨੂੰ ਸਦਮੇ ਵਿੱਚ ਦੇਖ ਰਹੇ ਹਾਂ। ਮੈਂ ਔਰਤਾਂ, ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਲਈ ਚਿੰਤਤ ਹਾਂ।
ਇਸ ਦੌਰਾਨ ਮਲਾਲਾ ਨੇ ਜੋ ਬਿਡੇਨ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਅਫਗਾਨਿਸਤਾਨ ਸੰਕਟ ਦੇ ਸਬੰਧ ਵਿੱ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਆਲਮੀ ਅਤੇ ਖੇਤਰੀ ਤਾਕਤਾਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ। ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੋ, ਸ਼ਰਨਾਰਥੀਆਂ ਅਤੇ ਨਾਗਰਿਕਾਂ ਦੀ ਰੱਖਿਆ ਕਰੋ।
ਮੀਡੀਆ ਰਿਪੋਰਟਾਂ ਅਨੁਸਾਰ ਮਲਾਲਾ ਨੇ ਇਸ ਨੂੰ ਮਾਨਵਤਾਵਾਦੀ ਸੰਕਟ ਕਿਹਾ ਅਤੇ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਮਲਾਲਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਲਿਖ ਕੇ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਰਨਾਰਥੀ ਬੱਚਿਆਂ ਦੀ ਸਿੱਖਿਆ ਤੱਕ ਪਹੁੰਚ ਹੋਵੇ।
ਤਾਲਿਬਾਨ ਨੇ ਦਿੱਤੀ ਸੀ ਦੁਬਾਰਾ ਹਮਲੇ ਦੀ ਧਮਕੀ
ਸਮਾਜ ਸੇਵੀ ਮਲਾਲਾ ਲੜਕੀਆਂ ਦੀ ਸਿੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਨ ਦੇ ਕਾਰਨ ਤਾਲਿਬਾਨ ਦੇ ਨਿਸ਼ਾਨੇ ‘ਤੇ ਆ ਗਈ ਸੀ। ਮਲਾਲਾ ਨੂੰ ਸਵਾਤ ਇਲਾਕੇ ਵਿਚ ਤਾਲਿਬਾਨ ਅੱਤਵਾਦੀਆਂ ਨੇ ਸਿਰ ਵਿਚ ਗੋਲੀ ਮਾਰੀ ਸੀ। ਗੰਭੀਰ ਜ਼ਖ਼ਮੀ ਮਲਾਲਾ ਦਾ ਪਹਿਲਾਂ ਪਾਕਿਸਤਾਨ ਵਿਚ ਇਲਾਜ ਕੀਤਾ ਗਿਆ ਅਤੇ ਫਿਰ ਬ੍ਰਿਟੇਨ ਲਿਜਾਇਆ ਗਿਆ।
ਮਲਾਲਾ ਨੇ ਪਿਛਲੇ ਸਾਲ ਆਕਸਫੋਰਡ ਯੂਨੀਵਰਸਿਟੀ ਤੋਂ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਵਿਚ ਬੈਚਲਰ ਡਿਗਰੀਆਂ ਹਾਸਲ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਤਾਲਿਬਾਨ ਨੇ ਵੀ ਇਕ ਬਿਆਨ ਜਾਰੀ ਕੀਤਾ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਮਲਾਲਾ ਬਚ ਗਈ ਤਾਂ ਉਹ ਉਸ ਉੱਤੇ ਦੁਬਾਰਾ ਹਮਲਾ ਕਰਨਗੇ।
ਟੀਵੀ ਪੰਜਾਬ ਬਿਊਰੋ