ਟੋਰਾਂਟੋ ’ਚ ਵੇਸਟਵਾਟਰ ਟਰੀਟਮੈਂਟ ਪਲਾਂਟ ਤੋਂ ਕਰੀਬ 100 ਫੁੱਟ ਹੇਠਾਂ ਡਿੱਗਿਆ ਕਰਮਚਾਰੀ, ਮੌਤ

Toronto- ਓਨਟਾਰੀਓ ਦੇ ਕਿਰਤ ਮੰਤਰਾਲੇ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਟੋਰਾਂਟੋ ਸ਼ਹਿਰ ਦੇ ਪੂਰਬੀ ਸਿਰੇ ’ਤੇ ਇੱਕ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟ ’ਚ ਕਈ ਮੰਜ਼ਿਲਾਂ ਤੋਂ ਹੇਠਾਂ ਡਿੱਗਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ। ਕਿਰਤ ਮੰਤਰਾਲੇ ਮੁਤਾਬਕ ਇਹ ਹਾਦਸਾ ਐਸ਼ਬਿ੍ਰਜ ਬੇ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਵਿਖੇ ਵਾਪਰਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ ਕਰੀਬ 11 ਵਜੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਦੱਸਿਆ ਕਿ ਵਿਅਕਤੀ ਲਗਭਗ 30 ਮੀਟਰ (80 ਜਾਂ 100 ਫੁੱਟ) ਹੇਠਾਂ ਡਿੱਗਾ ਹੈ।
ਕਿਰਤ ਮੰਤਰਾਲੇ ਦੇ ਬੁਲਾਰੇ ਜੈਨੀਫਰ ਰਸ਼ਬੀ ਨੇ ਇੱਕ ਈਮੇਲ ਬਿਆਨ ’ਚ ਕਿਹਾ, ‘‘ਸਾਡੀ ਦਿਲੀ ਹਮਦਰਦੀ ਕਰਮਚਾਰੀ ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਨਾਲ ਹੈ।’’ ਜੈ. ਡੀ. ਕੰਟਰੈਕਟਰਜ਼ ਦੇ ਪ੍ਰਧਾਨ ਮਾਈਕ ਡੀਪੋਨੀਓ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਮੌਤ ਕਾਕਸਵੈੱਲ ਬਾਈਪਾਸ ਟਨਲ ਨਿਰਮਾਣ ਪ੍ਰਾਜੈਕਟ ਦੌਰਾਨ ਹੋਈ। ਉਨ੍ਹਾਂ ਕਿਹਾ ਕਿ ਇਸ ਮੌਤ ਕਾਰਨ ਕੰਪਨੀ ਬਹੁਤ ਦੁਖੀ ਹੈ। ਡੀਪੋਨੀਓ ਨੇ ਕਿਹਾ ਕਿ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਇਸ ਮੁਸ਼ਕਲ ਸਮੇਂ ’ਚ ਕਰਮਚਾਰੀ ਦੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਹਾਲਾਤਾਂ ਨੂੰ ਪੂਰੀ ਤਰ੍ਹਾਂ ਸਮਝਣ ਦਾ ਇਰਾਦਾ ਰੱਖਦੇ ਹਨ, ਜਿਨ੍ਹਾਂ ਕਾਰਨ ਇਹ ਹਾਦਸਾ ਵਾਪਰਿਆ ਅਤੇ ਪਾਰਦਰਸ਼ੀ ਸਮੀਖਿਆ ਨੂੰ ਯਕੀਨੀ ਬਣਾਉਣ ਲਈ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਾਂਗੇ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਾਡੇ ਲਈ ਕਾਫ਼ੀ ਮਹੱਤਵ ਰੱਖਦੀ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਕੋਲ ਇਸ ਮੁਸ਼ਕਲ ਸਮੇਂ ਦੌਰਾਨ ਲੋੜੀਂਦੇ ਸਰੋਤ ਹਨ।