Memphis- ਅਮਰੀਕਾ ਦੇ ਮੈਮਫਿਸ ਟੈਨੇਸੀ ’ਚ ਇੱਕ ਹਿਬਰੂ ਸਕੂਲ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਨੂੰ ਪੁਲਿਸ ਨੇ ਗੋਲੀ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਮਾਰਗੇਲਿਨ ਹਿਬਰੂ ਅਕੈਡਮੀ ਦੇ ਬਾਹਰ ਹੋਈ ਇਸ ਗੋਲੀਬਾਰੀ ’ਚ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ ਹੈ। ਮੈਮਫ਼ਿਸ ਦੇ ਸਹਾਇਕ ਪੁਲਿਸ ਮੁਖੀ ਡਾਨ ਕ੍ਰੋ ਨੇ ਕਿਹਾ ਕਿ ਸਕੂਲ ’ਚ ਇੱਕ ਹਥਿਆਰਬੰਦ ਵਿਅਕਤੀ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਤੋਂ ਬਾਅਦ ਅਧਿਕਾਰੀਆਂ ਨੂੰ ਉੱਥੇ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਸਕੂਲ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਕ੍ਰੋ ਮੁਤਾਬਕ ਸਕੂਲ ਕੋਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣ ਕਾਰਨ ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਮਗਰੋਂ ਸ਼ੱਕੀ ਨੂੰ ਉਦੋਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਕਥਿਤ ਤੌਰ ’ਤੇ ਇੱਕ ਟਰੈਫਿਕ ਸਿਗਨਲ ’ਤੇ ਹੱਥ ’ਚ ਬੰਦੂਕ ਲੈ ਕੇ ਆਪਣੀ ਪਿਕਅਪ ’ਚੋਂ ਬਾਹਰ ਨਿਕਲ ਰਿਹਾ ਸੀ। ਇਸ ਮਗਰੋਂ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਕ੍ਰੋ ਨੇ ਕਿਹਾ ਗੋਲੀਬਾਰੀ ਕਰਨ ਮਕਸਦ ਅਜੇ ਤੱਕ ਸਾਫ਼ ਨਹੀਂ ਹੈ ਅਤੇ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਇਸ ਵਿਅਕਤੀ ਜਾਂ ਸਕੂਲ ’ਚ ਕੋਈ ਸਬੰਧ ਹੈ ਜਾਂ ਫਿਰ ਸਕੂਲ ਨੂੰ ਇਸ ਕਾਰਨ ਨਿਸ਼ਾਨਾ ਬਣਾਇਆ ਕਿ ਇਹ ਹਿਬਰੂ ਹੈ।