ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਤਾਜ਼ਪੋਸ਼ੀ ਦੌਰਾਨ ਕਈ ਚਿਹਰੇ ਬੇਨਕਾਬ ਹੋਏ ।ਗੁੱਟਬਾਜੀ ਦੇ ਨਾਲ ਸਿਆਸੀ ਮਹਤਵਾਕਾਂਸ਼ਾ ਅਤੇ ਅਹੁਦਿਆਂ ਦੀ ਲਾਲਸਾ ਇਸ ਪੂਰੇ ਸਮਾਗਮ ਦੌਰਾਨ ਦੇਖਣ ਨੂੰ ਮਿਲੀ ।ਵੈਸੇ ਤਾਂ ਕਈ ਵੱਡੇ ਚਿਹਰੇ ਇਸ ਸਮਾਗਮ ਤੋਂ ਦੂਰ ਰਹੇ ,ਉਨ੍ਹਾਂ ਦੀ ਚਰਚਾ ਵੀ ਮੀਡੀਆ ਨੇ ਖੂਬ ਕੀਤੀ । ਪਰ ਇਕ ਨਾਂ ਅਜਿਹਾ ਸੀ ਜਿਸ ‘ਤੇ ਚਰਚਾ ਨਹੀਂ ਹੋਈ । ਉਹ ਨਾਂ ਹੈ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ।
ਵਿਧਾਨ ਸਭਾ ਚੋਣਾ ਚ ਬਠਿੰਡਾ ਹਲਕੇ ਤੋਂ ਮਨਪ੍ਰੀਤ ਬਾਦਲ ਨੇ ਚੋਣ ਲੜੀ । ਰਾਜਾ ਵੜਿੰਗ ਗਿੱਦੜਬਾਹਾ ਤੋਂ ਮੈਦਾਨ ‘ਤੇ ਸੀ । ਅਫਵਾਹ ਫੈਲੀ ਕਿ ਬਠਿੰਡਾ ਸੀਟ ਨੂੰ ਲੈ ਕੇ ਬਾਦਲਾਂ ਦੀ ਆਪਸ ਚ ਸੈਟਿੰਗ ਹੋ ਗਈ ਹੈ । ਅਕਾਲੀ ਦਲ ਮਨਪ੍ਰੀਤ ਨੂੰ ਬਠਿੰਡਾ ਸ਼ਹੀਰੀ ਦੀ ਸੀਟ ਦੇਵੇਗਾ ਜਿਸਦੇ ਬਦਲੇ ਗਿੱਦੜਬਾਹਾ ਸੀਟ ਅਕਾਲੀ ਦਲ ਦੇ ਹਿੱਸੇ ਆਵੇਗੀ । ਇਸ ਅਫਵਾਹ ਨੂੰ ਅਕਾਲੀ ਨੇਤਾ ਨੇ ਜਨਤਕ ਬਿਆਨ ਦੇ ਕੇ ਸੱਚ ਸਾਬਿਤ ਕਰ ਦਿੱਤਾ ਸੀ ।ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ ਇਸ ਮੌਕੇ ਰਿਸ਼ਤਿਆਂ ਚ ਦੂਰੀ ਹੋਰ ਗਹਿਰੀ ਹੋ ਗਈ । ਇਸਤੋਂ ਪਹਿਲਾਂ ਵੀ ਦੋਹਾਂ ਵਿਚਕਾਰ ਕੋਈ ਖਾਸ ਨਜਦੀਕੀਆਂ ਨਹੀਂ ਸਨ । ਹੁਣ ਜਦੋਂ ਰਾਜਾ ਵੜਿੰਗ ਦਾ ਕੱਦ ਪਾਰਟੀ ਚ ਵੱਧ ਗਿਆ ਤਾਂ ਮਨਪ੍ਰੀਤ ਬਾਦਲ ਵੀ ਸਮਾਗਮ ਤੋਂ ਦੂਰ ਹੀ ਰਹੇ ।ਬਠਿੰਡਾ ਹਲਕੇ ਦੀ ਗੱਲ ਕਰੀਏ ਤਾਂ ਇਹ ਚਰਚਾ ਉੱਥੇ ਆਮ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਹੁਤ ਜਲਦ ਆਪਣੇ ਰਿਸ਼ਤੇਦਾਰਾਂ ਦੇ ਘਰ ਵਾਪਸੀ ਕਰ ਸਕਦੇ ਹਨ ।
ਸਰਕਾਰ ਚ ਵੱਡੇ ਅਹੁਦੇ ‘ਤੇ ਰਹਿਣ ਤੋਂ ਬਾਅਦ , ਫਿਰ ਵਿਵਾਦਾਂ ਬਿਆਨਾ ਤੋਂ ਬਚਣ ਵਾਲੇ ਮਨਪ੍ਰੀਤ ਬਾਦਲ ਦੀ ਇਸ ਤਰ੍ਹਾਂ ਕਾਂਗਰਸ ਦੇ ਵੱਡੇ ਸਮਾਗਮ ਤੋਂ ਦੂਰੀ ਕਈ ਸਵਾਲ ਖੜੇ ਕਰ ਗਈ ਹੈ ।