ਕਾਂਗਰਸ ‘ਚ ਅੰਦਰੁਨੀ ਜੰਗ ਅਤੇ ਧੜੇਬਾਜੀ ਦਾ ਬੋਲਬਾਲਾ- ਮਨਪ੍ਰੀਤ ਬਾਦਲ

ਨਵੀਂ ਦਿੱਲੀ- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਨੇਤਾ ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਹਨ । ਨਵੀਂ ਦਿੱਲੀ ਵਿਖੇ ਭਾਜਪਾ ਦੇ ਹੈੱਡਕਵਾਟਰ ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੋਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ ।ਗੋਇਲ ਨੇ ਕਿਹਾ ਕਿ ਵਿਦਵਾਨ ਨੇਤਾ ਦੇ ਭਾਜਪਾ ਚ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ।ਓਧਰ ਭਾਜਪਾ ਚ ਸ਼ਾਮਿਲ ਹੁੰਦਿਆ ਹੀ ਆਪਣਾ ਪਹਿਲਾ ਬਿਆਨ ਕਰਦਿਆਂ ਹੋਇਆਂ ਮਨਪ੍ਰੀਤ ਬਾਦਲ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਰ ਕਹਿ ਕੇ ਸੰਬੋਧਿਤ ਕੀਤਾ ।ਅੱਜ ਸਵੇਰੇ ਦਿੱਲੀ ਪੁੱਜਣ ਤੋਂ ਪਹਿਲਾਂ ਮਨਪ੍ਰੀਤ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ । ਉਨ੍ਹਾਂ ਰਾਹੁਲ ਗਾਂਧੀ ਨੂੰ ਭੇਜੇ ਅਸਤੀਫੇ ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਰੱਜ ਕੇ ਭੜਾਸ ਕੱਢੀ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਦੇਸ਼ ਦੀ ਨੀਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਪੀ.ਐੱਮ ਮੋਦੀ ਕਾਰਣ ਹੀ ਅੱਜ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਚ ਮਹਿੰਗਾਈ ਬਹੁਤ ਘੱਟ ਹੈ ।ਬਾਦਲ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਦੌਰਾਨ ਸਸਤਾ ਤੇਲ ਖਰੀਦਨਾ ਪੀ.ਐੱਮ ਮੋਦੀ ਦੀ ਵੱਡੀ ਪ੍ਰਾਪਤੀ ਹੈ ।

ਕਾਂਗਰਸ ਖਿਲਾਫ ਭੜਾਸ ਕੱਢਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਅੰਦਰ ਹੀ ਲੜਾਈ ਚੱਲ ਰਹੀ ਹੈ । ਵੱਖ ਵੱਖ ਧੜਿਆਂ ਦੇ ਆਗੂਆਂ ਨੂੰ ਅਹੁਦੇ ਦੇ ਕੇ ਨਵਾਜ਼ਿਆ ਜਾ ਰਿਹਾ ਹੈ ।ਕਾਂਗਰਸ ਦੇ ਅੰਦਰ ਆਜ਼ਾਦੀ ਨਹੀਂ ਹੈ ।ਰਾਜਾ ਵੜਿੰਗ ਦਾ ਨਾਂ ਲਏ ਬਗੈਰ ਉਨ੍ਹਾਂ ਖੂਬ ਸਿਆਸੀ ਹਮਲੇ ਕੀਤੇ ।