Ottawa- ਵਧੇਰੇ ਪ੍ਰਵਾਸੀ ਕੈਨੇਡਾ ’ਚ ਪੜ੍ਹਨ ਅਤੇ ਕੰਮ ਕਰਨ ਲਈ ਜਾਂਦੇ ਹਨ ਪਰ ਹੁਣ ਉਨ੍ਹਾਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾਪਦਾ ਹੈ। ਇੱਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ 15 ਫ਼ੀਸਦੀ ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚਣ ਦੇ ਕੁਝ ਸਾਲਾਂ ਦੇ ਅੰਦਰ ਆਪਣੇ ਦੇਸ਼ ਵਾਪਸ ਪਰਤਣ ਜਾਂ ਫਿਰ ਕਿਸੇ ਹੋਰ ਦੇਸ਼ ’ਚ ਜਾਣ ਦਾ ਫੈਸਲਾ ਕਰਦੇ ਹਨ। ਸਟੈਟਿਸਟਿਕਸ ਕੈਨੇਡਾ ਨੇ 1982 ਤੋਂ ਲੈ ਕੇ 2017 ਤੱਕ ਪ੍ਰਵਾਸੀਆਂ ਦੇ ਪ੍ਰਵਾਸ ਨੂੰ ਲੈ ਕੇ ਕੀਤੇ ਗਏ ਅਧਿਐਨ ਦੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੀ।
ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਕਿ ਪ੍ਰਵਾਸੀ ਪਹੁੰਚਣ ਦੇ 3 ਤੋਂ 7 ਸਾਲਾਂ ਦੇ ਅੰਦਰ ਕੈਨੇਡਾ ਛੱਡ ਰਹੇ ਹਨ। ਉਦਾਹਰਨ ਲਈ ਤਾਇਵਾਨ, ਸੰਯੁਕਤ ਰਾਜ, ਫਰਾਂਸ, ਹਾਂਗਕਾਂਗ ਜਾਂ ਲੇਬਨਾਨ ’ਚ ਪੈਦਾ ਹੋਏ ਪ੍ਰਵਾਸੀਆਂ ਅਤੇ ਜਾਂ ਨਿਵੇਸ਼ਕ ਅਤੇ ਉੱਦਮੀ ਸ਼੍ਰੇਣੀਆਂ ਹੇਠ ਆਉਣ ਵਾਲੇ ਲੋਕਾਂ ਦੇ ਪ੍ਰਵਾਸ ਦੀ ਸੰਭਾਵਨਾ ਵਧੇਰੇ ਹੈ। ਇਨ੍ਹਾਂ ਦੇਸ਼ਾਂ ’ਚ ਪੈਦਾ ਹੋਏ 25 ਫ਼ੀਸਦੀ ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚਣ ਦੇ 20 ਸਾਲਾਂ ਦੇ ਅੰਦਰ ਵਾਪਸ ਪਰਤ ਗਏ। ਸਟੈਟਕੇਨ ਨੇ ਲਿਖਿਆ, ‘‘ਇਹ ਦੇਸ਼ ਆਪਣੇ ਨਾਗਰਿਕਾਂ ਲਈ ਉੱਚੇ ਜੀਵਨ ਪੱਧਰ ਦੇ ਕਾਰਨ ਜਾਂ ਕੈਨੇਡਾ ’ਚ ਰਹਿਣਾ ਇੱਕ ਵੱਡੀ ਮਾਈਗ੍ਰੇਸ਼ਨ ਰਣਨੀਤੀ ਦਾ ਹਿੱਸਾ ਹੋਣ ਕਰਕੇ ਆਕਰਸ਼ਕ ਬਣ ਸਕਦੇ ਹਨ।’’
ਇਸ ਤੋਂ ਇਲਾਵਾ, ਨਿਵੇਸ਼ਕ ਸ਼੍ਰੇਣੀ ’ਚ ਦਾਖਲ ਹੋਏ 40 ਫ਼ੀਸਦੀ ਤੋਂ ਵੱਧ ਪ੍ਰਵਾਸੀ ਅਤੇ ਉੱਦਮੀ ਸ਼੍ਰੇਣੀ ’ਚ ਦਾਖਲ ਹੋਏ 30 ਫ਼ੀਸਦੀ ਤੋਂ ਵੱਧ ਪ੍ਰਵਾਸੀ ਆਉਣ ਦੇ 20 ਸਾਲਾਂ ਦੇ ਅੰਦਰ ਵਿਦੇਸ਼ ਚਲੇ ਗਏ। ਸਟੈਟਕੈਨ ਨੇ ਲਿਖਿਆ, ‘‘ਇਨ੍ਹਾਂ ਸ਼੍ਰੇਣੀਆਂ ’ਚ ਅਮੀਰ ਪ੍ਰਵਾਸੀ ਸ਼ਾਮਲ ਹਨ ਜੋ ਬਹੁਤ ਜ਼ਿਆਦਾ ਗਤੀਸ਼ੀਲ ਹਨ ਅਤੇ ਆਉਣ ਦੇ ਬਾਵਜੂਦ ਭਵਿੱਖ ’ਚ ਕੈਨੇਡਾ ਛੱਡਣ ਦਾ ਇਰਾਦਾ ਰੱਖਦੇ ਹਨ।’’