ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ
ਅਜੋਕੇ ਮਨੁੱਖ ਦੀ ਪਹੁੰਚ ਚੰਦ ਤਾਰਿਆਂ ਤੋਂ ਵੀ ਪਾਰ ਜਾ ਚੁੱਕੀ ਹੈ ਪਰ ਧਰਤੀ ਉੱਤੇ ਦਿਨ ਪ੍ਰਤੀ ਦਿਨ ਹੋ ਰਹੇ ਬਦਤਰ ਹਾਲਾਤ ਮਨੁੱਖ ਦੀ ਇਸ ਪਹੁੰਚ ਨੂੰ ਦਾਗ਼ਦਾਰ ਕਰ ਰਹੇ ਹਨ। ਇਨ੍ਹਾਂ ਬਦਤਰ ਹਾਲਾਤਾਂ ਵਿਚ ਬੇਸ਼ੱਕ ਵਾਤਾਵਰਨ ਵਿਚ ਆ ਰਹੇ ਵਿਗਾੜ ਦੀ ਗੱਲ ਹੋਵੇ… ਭੁੱਖਮਰੀ ਦੀ ਗੱਲ ਹੋਵੇ ਜਾਂ ਮਨੁੱਖ ਨੂੰ ਘੇਰ ਰਹੀਆਂ ਕੋਰੋਨਾ ਵਰਗੀਆਂ ਗੰਭੀਰ ਅਲਾਮਤਾਂ ਦੀ ਗੱਲ ਹੋਵੇ ਹਰ ਪਾਸੇ ਹੀ ਹਾਹਾਕਾਰ ਮੱਚੀ ਪਈ ਹੈ।ਇਸ ਦੇ ਉਲਟ ਹਰ ਦੇਸ਼ ਵਿੱਚ ਰਾਜਨੀਤਕ ਆਗੂ ਤੇ ਰਾਜ ਕਰਦੇ ਘਰਾਣੇ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਉਹ ਧਰਤੀ ਨੂੰ ਸਵਰਗ ਬਣਾਉਣ ਦਾ ਯਤਨ ਕਰ ਰਹੇ ਹਨ।
ਗੱਲ ਭੁੱਖਮਰੀ ਦੀ ਕਰੀਏ ਤਾਂ ਗਰੀਬੀ ਖ਼ਤਮ ਕਰਨ ਵਿਚ ਜੁਟੀ ਸੰਸਥਾ ‘ਆਕਸਫੈਮ’ ਵੱਲੋਂ ਹਾਲ ਹੀ ਵਿਚ ਬੜੇ ਹੀ ਡਰਾਵਣੇ ਅੰਕੜੇ ਪੇਸ਼ ਕੀਤੇ ਹਨ। ਇਸ ਸੰਸਥਾ ਨੇ ਦੱਸਿਆ ਕਿ ਦੁਨੀਆ ਭਰ ਵਿਚ ਭੁੱਖਮਰੀ ਕਾਰਨ ਹਰ ਇਕ ਮਿੰਟ ਵਿਚ 11 ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ 6 ਗੁਣਾ ਵਾਧਾ ਹੋਇਆ ਹੈ। ਇਸ ਸੰਸਥਾ ਨੇ ਇਹ ਅੰਕੜੇ ‘ਦਿ ਹੰਗਰ ਵਾਇਰਸ ਮਲਟੀਪਲਾਈਜ਼’ ਨਾਂ ਦੀ ਰਿਪੋਰਟ ਵਿਚ ਪੇਸ਼ ਕੀਤੇ ਹਨ। ਸੰਸਥਾ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਅੰਕੜਿਆਂ ਦਾ ਇਕ ਡਰਾਵਣਾ ਸੱਚ ਇਹ ਵੀ ਹੈ ਕਿ ਭੁੱਖਮਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਕੋਰੋਨਾ ਮਹਾਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਜ਼ਿਆਦਾ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹਰ ਇਕ ਮਿੰਟ ਵਿਚ ਕਰੀਬ 7 ਲੋਕਾਂ ਦੀ ਜਾਨ ਜਾਂਦੀ ਹੈ ਜਦ ਕਿ ਭੁੱਖਮਰੀ ਨਾਲ ਇਕ ਮਿੰਟ ਵਿਚ ਕਰੀਬ 11 ਲੋਕਾਂ ਦੀ ਮੌਤ ਹੋ ਰਹੀ ਹੈ ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਭਰ ਦੇ ਕਰੀਬ 15.5 ਕਰੋੜ ਲੋਕ ਖ਼ੁਰਾਕੀ ਅਸੁਰੱਖਿਆ ਦੇ ਭਿਆਨਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ 2 ਕਰੋੜ ਤੋਂ ਵੀ ਵੱਧ ਹੈ। ਇਸ ਅਨੁਸਾਰ ਕਰੀਬ ਦੋ-ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਹਨ।
ਆਕਸਫੈਮ ਸੰਸਥਾ ਅਮਰੀਕਾ ਦੇ ਪ੍ਰਧਾਨ ਅਤੇ ਸੀ.ਈ.ਓ. ਐਬੀ ਮੈਕਸਮਨ ਨੇ ਕਿਹਾ ਕਿ, ਇਸ ਦੀ ਵਜ੍ਹਾ ਕੁਝ ਹੋਰ ਨਹੀਂ ਬਲਕਿ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਵਿਚ ਚੱਲ ਜੰਗ ਅਤੇ ਫ਼ੌਜੀ ਸੰਘਰਸ਼ ਹੈ। ਆਕਸਫੈਮ ਦੀ ਉਕਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਕੋਰੋਨਾ ਮਹਾਮਾਰੀ ਦੇ ਬਾਵਜੂਦ ਸੰਸਾਰ ਭਰ ਵਿਚ ਫ਼ੌਜਾਂ ’ਤੇ ਹੋਣ ਵਾਲਾ ਖ਼ਰਚਾ 51 ਅਰਬ ਡਾਲਰ ਵਧਿਆ ਹੈ। ਤ੍ਰਾਸਦੀ ਇਹ ਹੈ ਕਿ ਭੁੱਖਮਰੀ ਨੂੰ ਖ਼ਤਮ ਕਰਨ ਲਈ ਜਿੰਨੀ ਧਨ ਦੀ ਸਾਨੂੰ ਲੋੜ ਹੈ, ਇਹ ਉਸ ਨਾਲੋਂ 6 ਗੁਣਾ ਜ਼ਿਆਦਾ ਹੈ। ਰਿਪੋਰਟ ਵਿਚ ਭੁੱਖਮਰੀ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚ ਅਫ਼ਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਦੱਖਣੀ ਸੂਡਾਨ ਅਤੇ ਯਮਨ ਨੂੰ ਰੱਖਿਆ ਗਿਆ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ ਆਰਥਿਕ ਉਥਲ ਪੁਥਲ, ਬੇਰਹਿਮ ਸੰਘਰਸ਼ ਅਤੇ ਜਲਵਾਯੂ ਸੰਕਟ ਨੇ ਕਰੀਬ 5,20,000 ਲੋਕਾਂ ਨੂੰ ਭੁੱਖਮਰੀ ਦੇ ਸ਼ਿਕਾਰ ਬਣਾਇਆ ਹੈ। ਇਸ ਵਿਚ ਕਰੀਬ ਦੋ-ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਉਨ੍ਹਾਂ ਦੇਸ਼ਾਂ ਵਿਚ ਹਨ ਜਿੱਥੇ ਫ਼ੌਜੀ ਸੰਘਰਸ਼ ਚੱਲ ਰਿਹਾ ਹੈ।
ਤ੍ਰਾਸਦੀ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਭੁੱਖਮਰੀ ਨੂੰ ਦੂਰ ਕਰਨਾ ਬਹੁਤ ਸਾਰੇ ਦੇਸ਼ਾਂ ਦੇ ਏਜੰਡੇ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਦੇ ਉਲਟ ਹਰ ਦੇਸ਼ ਵਿੱਚ ਰੱਖਿਆ ਬਜਟ ਅਤੇ ਫੌਜਾਂ ਉਤੇ ਹੋਣ ਵਾਲੇ ਖਰਚ ਨੂੰ ਸਾਲ ਦਰ ਸਾਲ ਵਧਾ ਕੇ ਦੁੱਗਣਾ-ਚੌਗੁਣਾ ਕੀਤਾ ਜਾ ਰਿਹਾ ਹੈ।