Toronto- ਲਿਬਰਲ ਆਗੂ ਮਾਰਕ ਕਾਰਨੀ ਨੇ ਬਰੈਂਪਟਨ ਵਿੱਚ ਆਪਣੀ ਪਾਰਟੀ ਦੀ ਪਬਲਿਕ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੀਆਂ ਲਾਪਰਵਾਹ ਹਥਿਆਰ ਨੀਤੀਆਂ ਅਤੇ ਕਮਜ਼ੋਰ ਸਰਹੱਦੀ ਨਿਯੰਤਰਣਾਂ ਕਾਰਨ ਕੈਨੇਡਾ ਵਿੱਚ ਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਆ ਰਹੇ ਹਨ ਜੋ ਸਾਡੀ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਲਿਬਰਲ ਸਰਕਾਰ ਅਸਾਲਟ-ਸਟਾਈਲ ਹਥਿਆਰਾਂ ਦੀ ਖਰੀਦ-ਮੁਆਵਜ਼ਾ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰੇਗੀ। ਉਨ੍ਹਾਂ ਵਾਅਦਾ ਕੀਤਾ ਕਿ ਹਿੰਸਕ ਅਪਰਾਧਾਂ ਲਈ ਦੋਸ਼ੀ ਪਾਏ ਗਏ ਲੋਕਾਂ ਦੀਆਂ ਗਨ ਲਾਇਸੈਂਸਾਂ ਆਟੋਮੈਟਿਕ ਤੌਰ ‘ਤੇ ਰੱਦ ਕੀਤੀਆਂ ਜਾਣਗੀਆਂ।
ਕਾਰਨੀ ਨੇ ਇਹ ਵੀ ਕਿਹਾ ਕਿ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਨਵੇਂ ਕਾਨੂੰਨ ਲਾਏ ਜਾਣਗੇ। ਇਸ ਵਿੱਚ ਚਾਈਲਡ ਲੂਅਰਿੰਗ, ਸੈਕਸਟੋਰਸ਼ਨ, ਅਤੇ ਬਿਨਾਂ ਇਜਾਜ਼ਤ ਇੰਟੀਮੇਟ ਇਮੇਜਾਂ ਜਾਂ ਡੀਪਫੇਕਸ ਦੇ ਫੈਲਾਅ ਨੂੰ ਕ੍ਰਿਮਿਨਲ ਅਪਰਾਧ ਬਣਾਇਆ ਜਾਵੇਗਾ।
ਉਨ੍ਹਾਂ ਦੀ ਯੋਜਨਾ ਵਿੱਚ 1000 ਨਵੇਂ RCMP ਅਤੇ 1000 CBSA ਅਧਿਕਾਰੀ ਭਰਤੀ ਕਰਕੇ ਸਰਹੱਦਾਂ ਉੱਤੇ ਨਸ਼ਿਆਂ, ਹਥਿਆਰਾਂ ਅਤੇ ਗੱਡੀਆਂ ਦੀ ਸਮੱਗਲੀ ਰੋਕਣ ਦੀ ਗੱਲ ਵੀ ਕੀਤੀ ਗਈ।
ਕਾਰਨੀ ਨੇ ਇਹ ਵੀ ਕਿਹਾ ਕਿ ਉਹ ਹੇਟ ਕਰਾਈਮਜ਼ ਦੇ ਵਿਰੁੱਧ ਕਾਰਵਾਈ ਕਰਨ ਲਈ ਕੈਨੇਡਾ ਕਮਿਊਨਟੀ ਸੁਰੱਖਿਆ ਪ੍ਰੋਗਰਾਮ ਲਈ ਵਧੀਕ ਫੰਡ ਲੈ ਕੇ ਆਉਣਗੇ। ਇਸਦੇ ਨਾਲ-ਨਾਲ ਉਹ ਚਾਹੁੰਦੇ ਹਨ ਕਿ ਜੇ ਕੋਈ ਵਿਅਕਤੀ ਗੁਰਦੁਆਰੇ, ਮੰਦਰ, ਸਕੂਲ ਜਾਂ ਕਮਿਊਨਟੀ ਸੈਂਟਰ ਦੀ ਪਹੁੰਚ ਵਿਚ ਰੁਕਾਵਟ ਪਾਉਂਦਾ ਹੈ ਜਾਂ ਧਮਕਾਉਂਦਾ ਹੈ, ਤਾਂ ਉਹ ਵੀ ਕ੍ਰਿਮਿਨਲ ਅਪਰਾਧ ਹੋਵੇ।
ਉਨ੍ਹਾਂ ਕਿਹਾ ਕਿ ਇਹ ਸਭ ਕਦਮ ਕੈਨੇਡਾ ਨੂੰ ਇੱਕ ਹੋਰ ਵਧੀਆ, ਸੁਰੱਖਿਅਤ ਅਤੇ ਮਜ਼ਬੂਤ ਦੇਸ਼ ਬਣਾਉਣ ਵੱਲ ਲੈ ਕੇ ਜਾਣਗੇ।
ਕਾਰਨੀ ਨੇ ਲਿਬਰਲ ਪਬਲਿਕ ਸੁਰੱਖਿਆ ਯੋਜਨਾ ਦਾ ਕੀਤਾ ਐਲਾਨ
