Saint John- ਨਿਊ ਬਰੰਸਵਿਕ ਦੇ ਸੇਂਟ ਜਾਨ ’ਚ ਵੀਰਵਾਰ ਨੂੰ ਅਮਰੀਕੀ ਆਇਰਨ ਅਤੇ ਮੈਟਲ ਰੀਸਾਈਕਲਿੰਗ ਦੀ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਇੱਥੇ ਵੱਡੀ ਗਿਣਤੀ ’ਚ ਫਾਇਰ ਫਾਈਟਰਜ਼ ਪਹੁੰਚੇ ਹੋਏ ਹਨ। ਫਾਇਰਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇੱਥੇ ਕਾਲਾ ਧੂੰਆਂ ਅਤੇ 10 ਤੋਂ 15 ਮੀਟਰ ਉੱਚੀਆਂ ਅੱਗ ਦੀਆਂ ਲਪਟਾਂ ਨੂੰ ਅਸਮਾਨ ਨੂੰ ਛੂੰਹਦੀਆਂ ਦੇਖੀਆਂ ਗਈਆਂ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਮਗਰੋਂ ਇਮਾਰਤ ’ਚ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਸ ਬਾਰੇ ’ਚ ਜ਼ਮੀਨ ਦੇ ਮਾਲਕ ਪੋਰਟ ਸੇਂਟ ਜੌਨ, ਜਿਸ ’ਤੇ ਇਹ ਇਮਾਰਤ ਸਥਿਤ ਹੈ, ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਰਾਤੀਂ ਕਰੀਬ 1.45 ਵਜੇ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡੀ ਮੁੱਖ ਤਰਜੀਹ ਹਰ ਕਿਸੇ ਦੀ ਸੁਰੱਖਿਆ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ ਦੇ ਬਾਰੇ ’ਚ ਹੋਰ ਕੋਈ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਹੈ।
ਉੱਧਰ ਸੇਂਟ ਜਾਨ ਪੁਲਿਸ ਨੇ ਵੀ ਇਸ ਬਾਰੇ ’ਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਧੂੰਏਂ ਦੀ ਗੰਧ ਦੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਹਨ। ਅਜੇ ਤੱਕ ਨਾ ਹੀ ਪੁਲਿਸ ਅਤੇ ਨਾ ਹੀ ਪੋਰਟ ਨੇ ਇਸ ਹਾਦਸੇ ’ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਫਿਲਹਾਲ ਆਲੇ-ਦੁਆਲੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।