Washington- ਅਮਰੀਕਾ ਦੇ ਹਵਾਈ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਨੇ ਅੱਜ ਇੱਥੋਂ ਦੇ ਕਈ ਹਿੱਸਿਆਂ ਅਤੇ ਮਾਉਈ ਟਾਪੂ ਨੂੰ ਤਬਾਹ ਕਰਕੇ ਰੱਖ ਦਿੱਤਾ। ਅੱਗ ਦੇ ਚੱਲਦਿਆਂ ਸਥਾਨਕ ਵਸਨੀਕਾਂ ਨੂੰ ਆਪਣੀ ਜਾਨ ਬਚਾਉਣ ਦੀ ਖ਼ਾਤਰ ਇੱਧਰ-ਉੱਧਰ ਭੱਜਣਾ ਪਿਆ ਅਤੇ ਕਈਆਂ ਨੇ ਤਾਂ ਸਮੁੰਦਰ ’ਚ ਛਾਲਾਂ ਮਾਰ ਦਿੱਤੀਆਂ, ਜਿਨ੍ਹਾਂ ਨੂੰ ਅਮਰੀਕੀ ਕੋਸਟ ਗਾਰਡ ਵਲੋਂ ਬਚਾਇਆ ਗਿਆ। ਅੱਗ ਕਾਰਨ ਮਾਉਈ ਟਾਪੂ ’ਤੇ ਸਥਿਤ ਇਤਿਹਾਸਕ ਲਾਹਿਨਾ ਕਸਬੇ ਦੀਆਂ ਕਈ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਮਾਉਈ ਕਾਊਂਟੀ ਨੇ ਇੱਕ ਪ੍ਰੈੱਸ ਰਿਲੀਜ਼ ’ਚ ਦੱਸਿਆ ਕਿ ਅਮਰੀਕੀ ਰੈੱਡ ਕਰਾਸ ਨੇ ਮਾਉਈ ਹਾਈ ਸਕੂਲ ’ਚ ਨਿਕਾਸੀ ਕੇਂਦਰ ਖੋਲ੍ਹਿਆ ਹੈ। ਜਾਣਕਰੀ ਮੁਤਾਬਕ ਲਾਹਿਨਾ ਕਸਬਾ ਸਭ ਤੋਂ ਵੱਧ ਪ੍ਰਭਾਵਿਤ ਥਾਵਾਂ ’ਚੋਂ ਇੱਕ ਹੈ ਅਤੇ ਮਾਊਈ ਕਾਊਂਟੀ ਨੇ ਇੱਥੇ ਲੋਕਾਂ ਨੂੰ ਨਾ ਆਉਣ ਦੀ ਅਪੀਲ ਕੀਤੀ ਹੈ। ਮਾਉਈ ਟਾਪੂ ਦੇ ਪੱਛਮੀ ਹਿੱਸੇ ’ਚ ਲਗਭਗ 13,000 ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਲਾਹਿਨਾ ’ਚ ਦਰਜਨਾਂ ਘਰ ਅਤੇ ਵਪਾਰਕ ਅਦਾਰੇ ਨਸ਼ਟ ਹੋ ਗਏ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਡੀ ਗਿਣਤੀ ’ਚ ਸਥਾਨਕ ਨਿਵਾਸੀਆਂ ਨੂੰ ਅੱਗ ਕਾਰਨ ਜਲਣ ਅਤੇ ਸਾਹ ਲੈਣ ’ਚ ਤਕਲੀਫਾਂ ਦੇ ਚੱਲਦਿਆਂ ਸਥਾਨਕ ਹਸਪਤਾਲਾਂ ’ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ। ਰਾਹਤ ਵਾਲੀ ਗੱਲ ਹੈ ਕਿ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। PowerOutage.us ਵਲੋਂ ਦਿੱਤੀ ਜਾਣਕਰੀ ਮੁਤਾਬਕ ਇੱਥੇ 14,000 ਤੋਂ ਵੱਧ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਮਾਉਈ ’ਚ ਲਗਭਗ ਸਾਰੇ ਸਕੂਲਾਂ ਨੂੰ ਅੱਗ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੇ ਪ੍ਰਭਾਵਿਤ ਲੋਕਾਂ ਲਈ ਚਾਰ ਆਸਰਾ ਘਰ ਬਣਾਏ ਗਏ ਹਨ।