ਟਰੰਪ ਦੇ ਮਗ ਸ਼ਾਟ ’ਤੇ ਬਾਇਡਨ ਨੇ ਸਾਧਿਆ ਨਿਸ਼ਾਨਾ, ਦੱਸਿਆ ਸੁੰਦਰ ਅਤੇ ਅਦਭੁਤ ਵਿਅਕਤੀ

Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਗ ਸ਼ਾਟ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਸੁੰਦਰ ਅਤੇ ਅਦਭੁਤ ਵਿਅਕਤੀ ਦੱਸਿਆ। ਲੇਕ ਤਾਹੋ ’ਚ ਛੁੱਟੀਆਂ ਮਨਾ ਰਹੇ ਬਾਇਡਨ ਕੋਲੋਂ ਜਦੋਂ ਪੱਤਰਕਾਰਾਂ ਨੇ ਟਰੰਪ ਦੇ ਮਗ ਸ਼ਾਟ ਦੇ ਬਾਰੇ ’ਚ ਪੁੱਛਿਆ ਤਾਂ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ ਉਨ੍ਹਾਂ ਨੇ ਟੈਲੀਵਿਜ਼ਨ ’ਤੇ ਤਸਵੀਰ ਦੇਖੀ ਹੈ।
ਇਸ ਮੌਕੇ ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਇਸ ਬਾਰੇ ’ਚ ਕੀ ਸੋਚਦੇ ਹਨ ਤਾਂ ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ਨੂੰ ਸੁੰਦਰ ਅਤੇ ਅਦਭੁਤ ਵਿਅਕਤੀ ਕਰਾਰ ਦਿੱਤਾ। ਦੱਸ ਦਈਏ ਕਿ ਟਰੰਪ ਦੇ ਵੀਰਵਾਰ ਨੂੰ ਜਾਰਜੀਆ ਜੇਲ੍ਹ ’ਚ ਮਗ ਸ਼ਾਟ ਦੇਣ ਮਗਰੋਂ ਬਾਇਡਨ ਦੀ ਇਹ ਪਹਿਲੀ ਪ੍ਰਤੀਕਿਰਆ ਹੈ।
ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ’ਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ ’ਚ ਰਸਮੀ ਤੌਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਨ੍ਹਾਂ ਨੂੰ 200,000 ਲੱਖ ਦੇ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ’ਤੇ ਜਾਰਜੀਆ ’ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਨ੍ਹਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ ਸੀ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਮਗ ਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮਗਸ਼ਾਟ ਕਿਹਾ ਜਾਂਦਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ ਅਮਰੀਕਾ ਦੇ ਉਨ੍ਹਾਂ ਪ੍ਰਮੁੱਖ ਸ਼ਹਿਰਾਂ ’ਚੋਂ ਇੱਕ ਸੀ, ਜਿੱਥੇ ਕਿ ਟਰੰਪ ਮਾਮੂਲੀ ਫਰਕ ਨਾਲ ਹਾਰ ਗਏ ਸਨ, ਜਿਸ ਕਾਰਨ ਰੀਪਬਲਿਕਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਿਨਾਂ ਕਿਸੇ ਸਬੂਤ ਤੋਂ ਇਹ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਚੋਣਾਂ ’ਚ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਵਲੋਂ ਘਪਲਾ ਕੀਤਾ ਗਿਆ ਹੈ।