ਨਾਰਥ ਵੈਸਟ ਟੈਰਟਰੀਜ਼ ’ਚ ਅਜੇ ਵੀ ਬੇਕਾਬੂ ਹੈ ਜੰਗਲਾਂ ਦੀ ਅੱਗ, ਫਾਇਰਫਾਈਟਰਾਂ ਦੇ ਨਾਲ ਹੁਣ ਫੌਜ ਵੀ ਜੁਟੀ ਮੈਦਾਨ ’ਚ

Yellowknife- ਭਿਆਨਕ ਜੰਗਲੀ ਅੱਗ ਦੇ ਚੱਲਦਿਆਂ ਨਾਰਥ ਵੈਸਟ ਟੈਰਟਰੀਜ਼ ਦੇ ਰਹਿਣ ਵਾਲੇ ਲਗਭਗ 25,900 ਲੋਕਾਂ ਨੂੰ ਆਪਣੇ ਘਰ ਖ਼ਾਲੀ ਪਏ ਹਨ, ਜੋ ਕਿ ਆਬਾਦੀ ਦਾ 68 ਪ੍ਰਤੀਸ਼ਤ ਹੈ। ਪੂਰੇ ਇਲਾਕੇ ’ਚ ਇਸ ਸਮੇਂ 238 ਥਾਵਾਂ ’ਤੇ ਜੰਗਲੀ ਅੱਗ ਲੱਗੀ ਹੋਈ ਹੈ। ਇਸ ਬਾਰੇ ’ਚ ਗੱਲ ਕਰਦਿਆਂ ਐੱਨ. ਡਬਲਯੂ. ਟੀ. ਲਈ ਫਾਇਰ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਕਿ ਜੰਗਲਾਂ ਦੀ ਅੱਗ ਦੇ ਇਸ ਮੌਸਮ ’ਚ ਮਨੁੱਖੀ ਜਾਨ ਬੇਹੱਦ ਕੀਮਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਗ ਵਾਲੇ ਪ੍ਰਭਾਵਿਤ ਇਲਾਕਿਆਂ ਤੋਂ ਜਿੰਨੀ ਜਲਦੀ ਹੋ ਸਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜੰਗਲਾਂ ਦੀ ਅੱਗ ’ਤੇ ਕਾਬੂ ਪਾਉਣ ਲਈ ਹੁਣ ਇੱਥੇ ਫਾਇਰਫਾਈਟਰਾਂ ਦੇ ਨਾਲ-ਨਾਲ ਫੌਜ ਦੇ ਜਵਾਨ ਵੀ ਜੁਟੇ ਹੋਏ ਹਨ। ਅਧਿਕਾਰੀਆਂ ਮੁਤਾਬਕ 300 ਤੋਂ ਵੱਧ ਫੌਜ ਦੇ ਕਰਮਚਾਰੀਆਂ ਦੇ ਨਾਲ-ਨਾਲ ਹੈਲੀਕਾਪਟਰਾਂ, ਏਅਰ ਟੈਂਕਰਾਂ ਅਤੇ ਭਾਰੀ ਸਾਜ਼ੋ-ਸਮਾਨ ਦੀ ਸਹਾਇਤਾ ਨਾਲ ਇੱਥੇ 600 ਤੋਂ ਵੱਧ ਫਾਇਰਫਾਈਟਰਜ਼ ਅੱਗ ’ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੇ ਹਨ।
ਸੋਮਵਾਰ ਸ਼ਾਮੀਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਅਧਿਕਾਰੀਆਂ ਸਥਾਨਕ ਨਿਵਾਸੀਆਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਲਾਕੇ ’ਚ ਐਮਰਜੈਂਸੀ ਮੈਨੇਜਮੈਂਟ ਆਰਗੇਨਾਈਜੇਸ਼ਨ ਦੀ ਜੈਨੀਫਰ ਜੰਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਜਿਹੜਾ ਥੋੜ੍ਹਾ ਜਿਹਾ ਮੀਂਹ ਪਿਆ ਹੈ, ਉਹ ਵੀ ਅੱਗ ਨੂੰ ਕਾਬੂ ਹੇਠ ਨਹੀਂ ਕਰ ਸਕਿਆ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਇਹ ਨਾ ਪਤਾ ਹੋਣਾ ਕਿ ਤੁਸੀਂ ਕਦੋਂ ਘਰ ਜਾ ਸਕੋਗੇ, ਤਣਾਅਪੂਰਨ, ਨਿਰਾਸ਼ਾਜਨਕ ਅਤੇ ਕਈ ਵਾਰ ਗੁੱਸੇ ਵਾਲਾ ਹੁੰਦਾ ਹੈ ਪਰ ਇਸ ਸਮੇਂ ਨਾਰਥ ਵੈਸਟ ਟੈਰਟਰੀਜ਼ ’ਚ ਖ਼ਾਲੀ ਕੀਤੇ ਗਏ ਕਿਸੇ ਵੀ ਇਲਾਕੇ ’ਚ ਜਾਣਾ ਸੁਰੱਖਿਅਤ ਨਹੀਂ ਹੈ।’’
ਉੱਥੇ ਐੱਨ. ਡਬਲਯੂ. ਟੀ. ਰਾਜਧਾਨੀ ਯੈਲੋਨਾਈਫ਼ ’ਚ ਲੱਗੀ ਜੰਗਲੀ ਅੱਗ ਦੇ ਕਾਬੂ ਹੱਦ ਤੱਕ ਕਾਬੂ ਹੇਠ ਆ ਜਾਣ ਬਾਰੇ ਜਾਣਕਾਰੀ ਮਿਲੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਅਪਡੇਟ ’ਚ ਦੱਸਿਆ ਕਿ ਪਿਛਲੇ 72 ਘੰਟਿਆਂ ਦੌਰਾਨ ਪਏ ਲਗਭਗ 72 ਮਿਲੀਮੀਟਰ ਮੀਂਹ ਅਤੇ ਫਾਇਰਫਾਈਟਰਜ਼ਾਂ ਦੇ ਯਤਨਾਂ ਨੇ ਅੱਗ ਨੂੰ ਅੱਗੇ ਵਧਣ ਰੋਕਣ ’ਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨਾਂ ’ਚ ਯੈਲੋਨਾਈਫ਼ ਦੇ ਬਾਹਰੀ ਇਲਾਕਿਆਂ ’ਚ ਅੱਗ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ।