ਫੌਜੀ ਹੈਲੀਕਾਪਟਰ ਰਾਹੀਂ ਬਚਾਈ ਗਈ ਵੈਨਕੂਵਰ ਆਇਲੈਂਡ 8 ਲੋਕਾਂ ਦੀ ਜਾਨ

Victoria- ਉੱਤਰੀ ਵੈਨਕੂਵਰ ਆਇਲੈਂਡ ’ਤੇ ਸ਼ੁੱਕਰਵਾਰ ਸਵੇਰੇ ਇੱਕ ਫੌਜੀ ਹੈਲੀਕਾਪਟਰ ਨੇ 8 ਲੋਕਾਂ ਨੂੰ ਬਚਾਇਆ, ਜਿਹੜੇ ਕਿ ਤੇਜ਼ ਬਰਸਾਤੀ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਉੱਥੇ ਫਸ ਗਏ ਸਨ।
ਵਿਕਟੋਰੀਆ ਸਥਿਤ ਜੋਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10:30 ਵਜੇ ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮਟ ਰੈਡੀਨੈਸ ਮੰਤਰਾਲੇ ਵੱਲੋਂ ਸਹਾਇਤਾ ਲਈ ਸੰਪਰਕ ਕੀਤਾ ਗਿਆ ਸੀ। ਫਸੇ ਹੋਏ ਲੋਕ ਸੈਨ ਜੋਸੈਫ ਬੇ ਦੇ ਨੇੜੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਇੱਕ ਵਾਹਨ ਵਿੱਚ ਮੌਜੂਦ ਸਨ, ਜਿੱਥੇ ਮਿੱਟੀ ਖਿਸਕਣ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਸੀ।
ਇਲਾਕੇ ਵਿੱਚ ਜ਼ਮੀਨ ਰਾਹੀਂ ਰੈਸਕਿਊ ਟੀਮਾਂ ਜਾਂ ਪੁਲਿਸ ਪਹੁੰਚ ਨਹੀਂ ਸਕੀ, ਇਸ ਲਈ 19 ਵਿੰਗ ਕੋਮੋਕਸ ਤੋਂ ਏਅਰ ਫੋਰਸ ਟੀਮ ਨੂੰ ਕਾਲ ਕੀਤਾ ਗਿਆ। ਉੱਥੋਂ ਇੱਕ ਕੋਰਮੋਰੈਂਟ ਹੈਲੀਕਾਪਟਰ ਤਿਆਰ ਕੀਤਾ ਗਿਆ, ਜਿਸ ਨੇ ਰਾਤ ਦੌਰਾਨ ਖਤਰਨਾਕ ਮੌਸਮ ਵਿਚ 250 ਕਿਲੋਮੀਟਰ ਦੀ ਉਡਾਨ ਭਰ ਕੇ ਲੋਕਾਂ ਨੂੰ ਸੁਰੱਖਿਅਤ ਬਚਾਇਆ।
442 ਟਰਾਂਸਪੋਰਟ ਅਤੇ ਰੈਸਕਿਊ ਸਕਵਾਡਰਨ ਦੇ ਕਮਾਂਡਿੰਗ ਅਫ਼ਸਰ ਲੈਫਟਨੈਂਟ-ਕਰਨਲ ਕਲੌਡ ਰਿਵਾਰਡ ਨੇ ਕਿਹਾ, “ਇਹ ਦੂਰਲੇ ਖੇਤਰ ਹਨ, ਅਤੇ ਲੋਕਾਂ ਨੂੰ ਉੱਥੇ ਛੱਡਣਾ ਖਤਰਨਾਕ ਹੋ ਸਕਦਾ ਸੀ ਕਿਉਂਕਿ ਹੋਰ ਮਿੱਟੀ ਖਿਸਕਣ ਦਾ ਖ਼ਤਰਾ ਸੀ।”
ਰਾਤ ਦੇ ਸਮੇਂ ਤੇਜ਼ ਮੀਂਹ, ਹਵਾ ਅਤੇ ਧੁੰਧ ਦੇ ਬਾਵਜੂਦ ਹੈਲੀਕਾਪਟਰ ਪਾਇਲਟਾਂ ਨੇ ਸਫਲਤਾਪੂਰਵਕ ਫਸੇ ਹੋਏ ਲੋਕਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਉਥੋਂ ਉਡਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਸਾਰੇ 8 ਲੋਕਾਂ ਨੂੰ ਪੋਰਟ ਹਾਰਡੀ ਏਅਰਪੋਰਟ ਲਿਆਂਦਾ ਗਿਆ, ਜਿੱਥੇ ਕਿ ਪੈਰਾਮੈਡਿਕ ਅਤੇ ਸਥਾਨਕ ਪੁਲਿਸ ਮੌਜੂਦ ਸੀ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਨੇ ਦੱਸਿਆ ਕਿ ਰਾਤ 2:30 ਵਜੇ ਦੋ ਐਂਬੂਲੈਂਸਾਂ ਏਅਰਪੋਰਟ ਭੇਜੀਆਂ ਗਈਆਂ ਸਨ। ਪੈਰਾਮੈਡਿਕ ਬ੍ਰਾਇਨ ਟਵੇਟਸ ਨੇ ਕਿਹਾ ਕਿ ਕਿਸੇ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਨਹੀਂ ਪਈ।
ਦੱਸ ਦੇਈਏ ਇਸ ਤੂਫ਼ਾਨ ਕਾਰਨ ਦੱਖਣ-ਪੱਛਮੀ ਬੀ.ਸੀ. ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾ ਅਤੇ ਮੀਂਹ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ ਕਰਕੇ ਵੈਨਕੂਵਰ ਆਇਲੈਂਡ ਅਤੇ ਮੇਨਲੈਂਡ ਬੀ.ਸੀ. ਵਿਚਕਾਰ ਕਈ ਫੈਰੀਆਂ ਦੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।