Vancouver- ਕਵਿਕਵੇਟਲੇਮ ਫਰਸਟ ਨੇਸ਼ਨ ਦੀ ਕੌਂਸਲ ਮੈਬਰ, ਜਿਸ ਦੇ ਕਿ ਬੀਤੇ ਹਫ਼ਤੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਦੀ ਮੌਤ ਹੋ ਗਈ ਹੈ। ਇਸ ਮਾਮਲੇ ’ਚ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਹੈ। ਹੱਤਿਆ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਬੀਤੇ ਮੰਗਲਵਾਰ ਨੂੰ ਮਿਸ਼ਨ ਦੇ ਇੱਕ ਪੇਂਡੂ ਇਲਾਕੇ ’ਚ 44 ਸਾਲਾ ਸਟੇਫਨੀ ਪੈਟਰਸਨ ਨਾਮੀ ਉਕਤ ਕੌਂਸਲ ਮੈਂਬਰ ਦੀ ਲਾਸ਼ ਦੇਖੀ ਸੀ, ਜਿਸ ਮਗਰੋਂ ਉਸ ਦੀ ਭਾਲ ਦਾ ਦਰਦਨਾਕ ਅੰਤ ਹੋ ਗਿਆ। ਇਸ ਬਾਰੇ ਸੂਚਨਾ ਮਿਲਣ ’ਤੇ ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਦੀ ਟੀਮ ਤੁਰੰਤ ਕਕੁਇਟਲਮ ਪਹੁੰਚੀ ਅਤੇ ਉਸ ਵਲੋਂ ਕਕੁਇਟਲਮ ਪੁਲਿਸ, ਮਿਸ਼ਨ ਪੁਲਿਸ ਅਤੇ ਬੀ. ਸੀ. ਕਾਰਨਰਜ਼ ਸਰਵਿਸ ਨਾਲ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਇੱਕ ਬਿਆਨ ’ਚ ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਓਰੋਟੀ ਨੇ ਦੱਸਿਆ ਪੈਟਰਸਨ ਦੀ ਮੌਤ ਨੇ ਪੂਰੇ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਹੈ।
ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਮੌਤ ਦੇ ਸੰਬੰਧ ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ’ਚ ਕੀਤਾ ਹੈ ਪਰ ਜਦੋਂ ਤੱਕ ਉਸ ਦੇ ਵਿਰੁੱਧ ਦੋਸ਼ ਆਇਦ ਨਹੀਂ ਹੋ ਜਾਂਦੇ, ਉਸ ਦਾ ਨਾਂ ਨਹੀਂ ਦੱਸਿਆ ਜਾਵੇਗਾ। ਦੱਸ ਦਈਏ ਕਿ ਪੈਟਰਾਸਨ ਨੂੰ ਆਖ਼ਰੀ ਵਾਰ ਬੀਤੇ ਸ਼ੁੱਕਰਵਾਰ ਦੀ ਦੁਪਹਿਰ ਨੂੰ 57 ਸਾਲਾ ਡੇਵਿਡ ਹਾਲ ਦੇ ਨਾਲ ਕਾਲੋਨੀ ਫਾਰਮ ਰੋਡ ਅਤੇ ਲੌਹੀਡ ਹਾਈਵੇਅ ਦੇ ਨੇੜੇ ਆਪਣੇ ਘਰੋਂ ਨਿਕਲਿਆਂ ਦੇਖਿਆ ਗਿਆ ਸੀ।