ਬਠਿੰਡਾ : ਕਾਂਗਰਸ ਤੋਂ ਬਾਅਦ ਹੁਣ ਆਪ ਵਿਚ ਵੀ ਬਗਾਵਤ ਉੱਠਦੀ ਦਿਖਾਈ ਦੇ ਰਹੀ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ‘ਤੇ ਆਪਣੀ ਹੀ ਪਾਰਟੀ ਦੇ ਵਿਧਾਇਕ ‘ਤੇ ਤਾਬੜਤੋੜ ਹਮਲੇ ਕਰਨ ਵਾਲੀ ਵਿਧਾਇਕਾ ਰੂਬੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
ਰੂਬੀ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਵਿਧਾਇਕ ਬਣੀ ਹੈ। ਰੂਬੀ ਨੇ ਆਪਣਾ ਅਸਤੀਫਾ ਜਨਤਕ ਕਰਦਿਆਂ ਆਪਣੇ ਫੇਸਬੁੱਕ ਪੇਜ਼ ‘ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦਿੰਦੀ ਹੈ।
ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ ਕਿ ਕਿਰਪਾ ਕਰਕੇ ਉਸ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ। ਇਸ ਤੋਂ ਕੁਝ ਦੇਰ ਬਾਅਦ ਉਸ ਨੇ ਆਪਣੇ ਪੇਜ ਦੀ ਕਵਰ ਫੋਟੋ ਵੀ ਅਪਡੇਟ ਕੀਤੀ। ਜਿਸ ਵਿਚ ਉਸ ਨੇ ਇਕ ਬਾਜ਼ ਦੀ ਫੋਟੋ ਲਗਾਈ ਹੈ,ਯਾਨੀ ਕਿ ਵਿਧਾਇਕ ਰੂਬੂ ਖੁਦ ਨੂੰ ਬਾਜ਼ ਤੇ ਆਜ਼ਾਦ ਦੱਸ ਰਹੀ ਹੈ।
ਦੱਸ ਦੇਈਏ ਕਿ 2 ਦਿਨ ਪਹਿਲਾਂ ਹੀ ਰੂਬੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ‘ਤੇ ਸਵਾਲ ਚੁੱਕੇ ਸਨ। ਉਸ ਨੇ ਕਿਹਾ ਸੀ ਕਿ ਪਾਰਟੀ ਦਾ ਹੀ ਇਕ ਵਿਧਾਇਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਖਿਲਾਫਤ ਕਰ ਰਿਹਾ ਹੈ।
ਉਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਰੂਬੀ ਦੇ ਅਸਤੀਫੇ ਤੇ ਕਿਹਾ ਕਿ ਉਸ ਨੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਲਈ ਹੈ। ਚੀਮਾ ਨੇ ਆਪਣੇ ਟਵਿੱਟਰ ਅਕਾਉਂਟ ਤੇ ਲਿਖਿਆ ਹੈ ਕਿ ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ।
ਇਸ ਵਾਰ ਉਨ੍ਹਾਂ ਨੂੰ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।
ਟੀਵੀ ਪੰਜਾਬ ਬਿਊਰੋ