ਪੰਜਾਬ ਦੇ ਕਈ ਇਲਾਕਿਆਂ ‘ਚ ਮਾਨਸੂਨ ਐਕਟੀਵ, 9 ਜ਼ਿਲ੍ਹਿਆਂ ‘ਚ ਮੀਂਹ ਦਾ ਆਰੇਂਜ ਅਲਰਟ

ਡੈਸਕ- ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ ‘ਤੇ ਦੋ ਦਿਨਾਂ ਤੋਂ ਰੁਕੀ ਮਾਨਸੂਨ ਨੇ ਹੁਣ ਜ਼ੋਰ ਫੜ ਲਿਆ ਹੈ। ਮਾਨਸੂਨ ਅੱਗੇ ਵਧਿਆ ਹੈ ਅਤੇ ਮਾਝੇ ਅਤੇ ਦੁਆਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਭਲਕੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ, ਪਰ ਨਮੀ ਕਾਰਨ ਪ੍ਰੇਸ਼ਾਨੀ ਹੋਵੇਗੀ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ ‘ਚ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

27 ਤੋਂ 29 ਜੂਨ ਤੱਕ ਪਠਾਨਕੋਟ ਅਤੇ ਹਿਮਾਚਲ ਸਰਹੱਦ ‘ਤੇ ਰੁਕਿਆ ਮਾਨਸੂਨ ਅੱਜ ਅੱਗੇ ਵਧ ਗਿਆ ਹੈ। ਮਾਨਸੂਨ ਨੇ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ ਨੂੰ ਕਵਰ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਮਾਨਸੂਨ ਦੀ ਰਫ਼ਤਾਰ ਚੰਗੀ ਰਹੀ ਤਾਂ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ।

ਮਾਨਸੂਨ ਦੀ ਉੱਤਰੀ ਸੀਮਾ ਹੁਣ ਜੈਸਲਮੇਰ, ਚੁਰੂ, ਹਿਸਾਰ, ਕਰਨਾਲ, ਜਲੰਧਰ ਅਤੇ ਤਰਨਤਾਰਨ ਤੱਕ ਦੇ ਖੇਤਰ ਨੂੰ ਕਵਰ ਕਰ ਚੁੱਕੀ ਹੈ। ਦੱਖਣ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹੋਰ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਿਆ ਹੈ।

ਦੱਖਣ-ਪੱਛਮੀ ਮਾਨਸੂਨ ਦੇ ਪੱਛਮ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਅਗਲੇ 2-3 ਦਿਨਾਂ ਵਿੱਚ ਇਹ ਰਾਜਸਥਾਨ, ਹਰਿਆਣਾ-ਚੰਡੀਗੜ੍ਹ ਅਤੇ ਪੰਜਾਬ ਨੂੰ ਕਵਰ ਕਰ ਲਵੇਗਾ।