ਚੰਡੀਗੜ੍ਹ- ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿਚ ਸਟਾਫ ਦੀ ਭਾਰੀ ਕਮੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅੱਜ ਚੰਡੀਗੜ੍ਹ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਤੇ ਇਨ੍ਹਾਂ ਖਾਲੀ ਅਹੁਦਿਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਮੂਸਾ ਪਿੰਡ ਦੇ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਸਣੇ 9 ਅਹੁਦੇ ਖਾਲੀ ਹਨ ਜਿਸ ਵਿਚ ਪ੍ਰਿੰਸੀਪਲ, ਅੰਗਰੇਜ਼ੀ ਲੈਕਚਰਾਰ, ਇਤਿਹਾਸ ਲੈਕਚਰਾਰ, ਪੋਲ ਸਾਇੰਸ ਲੈਕਚਰਾਰ, ਪੰਜਾਬੀ ਲੈਚਰਰਾਰ, ਡੀਪੀ ਮਾਸਟਰ, ਲਾਇਬ੍ਰੇਰੀਅਨ, ਰੇਸਟੋਰਰ, ਮਾਲੀ ਸਣੇ ਚੌਕੀਦਾਰ ਦੇ ਅਹੁਦੇ ਖਾਲੀ ਹਨ। ਇਸ ਮੰਗ ਪੱਤਰ ਵਿਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਇਸ ਸਕੂਲ ਦੇ 6 ਹੋਰ ਟੀਚਰ ਬਦਲੀ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਅਧਿਆਪਕ ਦੀ ਬਦਲੀ ਹੁੰਦੀ ਹੈ ਤਾਂ ਉਸ ਦੀ ਥਾਂ ’ਤੇ ਤੁਰੰਤ ਅਧਿਆਪਕ ਤਾਇਨਾਤ ਕੀਤਾ ਜਾਵੇ।