ਜਲੰਧਰ- ਸਿਰਫ ਇਕ ਵਾਰ ਸੁਰੱਖਿਆ ਮੁਲਾਜ਼ਮਾਂ ਤੋਂ ਬਗੈਰ ਘਰ ਤੋਂ ਬਾਹਰ ਨਿਕਲਨਾ ਸਿੱਧੂ ਮੂਸੇਵਾਲਾ ਨੂੰ ਭਾਰੀ ਪੈ ਗਿਆ। ਬੂਲੇਟਪਰੂਫ ਫਾਰਚੂਨਰ ਗੱਡੀ ਵੀ ਆਪਣੇ ਮਸ਼ਹੂਰ ਮਾਲਿਕ ਦੇ ਕੰਮ ਨਾ ਆ ਸਕੀ । ਮੂਸੇਵਾਲਾ ‘ਤੇ ਹੋਏ ਹਮਲੇ ਅਤੇ ਉਸਦੀ ਮੋਤ ਨੇ ਸੱਭ ਨੂੰ ਹੈਰਾਨ ਕਰ ਦਿੱਤਾ ।ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕਿਵੇਂ ਸਿਰਫ ਇਕ ਵਾਰ ਹੀ ਗਾਰਡਾਂ ਤੋਂ ਬਗੈਰ ਨਿਕਲੇ ਮੂਸੇਵਾਲਾ ਨੂੰ ਦੁਸ਼ਮਨਾਂ ਨੇ ਢੇਰ ਕਰ ਦਿੱਤਾ ।ਸਿੱਧੂ ਮੂਸੇਵਾਲਾ ਦੇ ਸੁਰੱਖਿਆ ਗਾਰਡ ਕਿੱਥੇ ਸੀ ? ਬਹੁਤ ਸਾਰੇ ਸਵਾਲਾਂ ਦੇ ਜਵਾਬ ਮੂਸੇਵਾਲਾ ਦੇ ਦੋਸਤ ਗੁਰਵਿੰਦਰ ਸਿੰਘ ਨੇ ਦਿੱਤੇ ਹਨ । ਘਟਨਾ ਵੇਲੇ ਥਾਰ ਚ ਮੌਜੂਦ ਗੁਰਵਿੰਦਰ ਦੇ ਵੀ ਗੋਲਿਆਂ ਲੱਗੀਆਂ ਹਨ । ਲੁਧਿਆਣਾ ਡੀ.ਐੱਮ ਸੀ ਚ ਦਾਖਿਲ ਇਸ ਦੌਸਤ ਨੇ ਸਾਰੀ ਘਟਨਾ ਦਾ ਵੇਰਵਾ ਦਿੱਤਾ ਹੈ ।
ਡੀਐੱਮਸੀ ’ਚ ਦਾਖ਼ਲ ਜ਼ਖ਼ਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਬਿਮਾਰ ਸੀ। ਉਹ ਅਚਾਨਕ ਉਨ੍ਹਾਂ ਦਾ ਪਤਾ ਲੈਣ ਜਾਣ ਲਈ ਤਿਆਰ ਹੋ ਗਿਆ। ਗੱਡੀ ’ਚ ਪੰਜ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ। ਗੁਰਵਿੰਦਰ ਸਿੰਘ ਮੁਤਾਬਕ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਪਿੱਛਿਓਂ ਇਕ ਫਾਇਰ ਹੋਇਆ। ਇੰਨੇ ’ਚ ਇਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ। ਨਾਲ ਹੀ ਇਕ ਨੌਜਵਾਨ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਗੋਲ਼ੀਆਂ ਚਲਾਈਆਂ।
ਗੁਰਵਿੰਦਰ ਮੁਤਾਬਕ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬ ’ਚ ਦੋ ਫਾਇਰ ਕੀਤੇ ਸਨ, ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ। ਮੂਸੇਵਾਲਾ ਦੇ ਦੋ-ਦੋ ਫਾਇਰ ਕਰਦੇ ਹੀ ਸਾਡੀ ਗੱਡੀ ’ਤੇ ਤਿੰਨੋਂ ਪਾਸਿਓਂ ਫਾਇਰਿੰਗ ਹੋਣ ਲੱਗੀ। ਮੂਸੇਵਾਲਾ ਨੇ ਇਕ ਵਾਰ ਗੱਡੀ ਭਜਾਉਣ ਦਾ ਵੀ ਯਤਨ ਕੀਤਾ ਪਰ ਸਾਨੂੰ ਅੱਗਿਓਂ ਤੇ ਪਿੱਛਿਓਂ ਦੋਵਾਂ ਪਾਸਿਓਂ ਘੇਰ ਲਿਆ ਗਿਆ ਸੀ।