Toronto- ਬਾਰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਗਰਮੀਆਂ ’ਚ ਦੋ ਮਹੀਨਿਆਂ ਦੀ ਮਿਆਦ ਅੰਦਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ 3.3 ਟਨ ਤੋਂ ਵੱਧ ਗ਼ੈਰ-ਕਾਨੂੰਨੀ ਪਦਾਰਥ ਅਤੇ ਖ਼ਤਰਨਾਕ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਵੀਰਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ’ਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਕਿਹਾ ਕਿ ਇਹ ਦਵਾਈਆਂ, ਜਿਨ੍ਹਾਂ ਦੀ ਪਹਿਚਾਣ ਪੀ. ਐਮ. ਕੇ. ਇਥਾਈਲ ਗਲਾਈਸੀਡੇਟ ਅਤੇ 1,4-ਬਿਊਟੇਨਡਿਓਲ ਵਜੋਂ ਕੀਤੀ ਗਈ ਹੈ, ਏਸ਼ੀਆ ਤੋਂ ਆਉਣ ਵਾਲੇ ਕਈ ਵੱਖ-ਵੱਖ ਸ਼ਿਪਮੈਂਟਾਂ ’ਚ ਮਿਲੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡਰੱਗਜ਼ ਨੂੰ ਇਸ ਸਾਲ ਜੂਨ ਅਤੇ ਜੁਲਾਈ ਦਰਮਿਆਨ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਵਲੋਂ ਰੋਕਿਆ ਗਿਆ ਸੀ। ਸੀ. ਬੀ. ਐੱਸ. ਏ. ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਐਮ. ਡੀ. ਐਮ. ਏ. ਬਣਾਉਣ ਲਈ ਕੀਤੀ ਜਾਂਦੀ ਹੈ, ਜਿਸ ਨੂੰ ਐਕਸਟਸੀ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਵਰਤੋਂ ਹੋਰ ਮਨੋਵਿਗਿਆਨਕ ਦਵਾਈਆਂ ’ਚ ਕੀਤੀ ਜਾਂਦੀ ਹੈ, ਜਿਹੜੀਆਂ ਅਕਸਰ ਸਰੀਰਕ ਅਤੇ ਜਿਨਸੀ ਹਮਲੇ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਦਵਾਈਆਂ ਕੇਂਦਰੀ ਦਿਮਾਗੀ ਪ੍ਰਣਾਲੀ ’ਤੇ ਅਸਰ ਕਰਦੀਆਂ ਹਨ ਅਤੇ ਜੋ ਕਿ ਮੂਡ, ਜਾਗਰੂਕਤਾ ਅਤੇ ਵਿਵਹਾਰ ’ਚ ਤਬਦੀਲੀਆਂ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਰੋਕ ਨੇ ਐਮ. ਡੀ. ਐਮ. ਏ. ਅਤੇ ਹੋਰ ਦਵਾਈਆਂ ਦੀਆਂ ਲੱਖਾਂ ਖੁਰਾਕਾਂ ਨੂੰ ਕੈਨੇਡੀਅਨਾਂ ਭਾਈਚਾਰਿਆਂ ਤੱਕ ਪਹੁੰਚਣ ਤੋਂ ਰੋਕਿਆ ਹੋ ਸਕਦਾ ਹੈ।