ਜੇਲ੍ਹ ਵਿਚ ਹੋਈਆਂ ਹਿੰਸਕ ਝੜਪਾਂ ‘ਚ 68 ਤੋਂ ਵੱਧ ਕੈਦੀਆਂ ਦੀ ਮੌਤ

ਕਿਊਟੋ : ਦੱਖਣੀ ਅਮਰੀਕਾ ਦੇ ਦੇਸ਼ ਇਕਵਾਡੋਰ ਦੀ ਸਭ ਤੋਂ ਵੱਡੀ ਜੇਲ੍ਹ ਵਿਚ ਹੋਈਆਂ ਹਿੰਸਕ ਝੜਪਾਂ ਵਿਚ 68 ਤੋਂ ਵੱਧ ਕੈਦੀ ਮਾਰੇ ਗਏ। ਜੇਲ੍ਹ ਵਿਚ ਕੈਦੀਆਂ ਦਾ ਆਪਸੀ ਝਗੜਾ ਇਸ ਹੱਦ ਤਕ ਵਧ ਗਿਆ ਕਿ 68 ਤੋਂ ਵੱਧ ਕੈਦੀਆਂ ਦੀ ਮੌਤ ਹੋ ਗਈ ਅਤੇ ਕਈ ਕੈਦੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਕਵਾਡੋਰ ਦੇ ਤੱਟੀ ਸ਼ਹਿਰ ਗੁਆਯਾਕਿਲ ਵਿਚ ਜੇਲ੍ਹ ਦੇ ਨੇੜੇ ਸਥਿਤ ਕਾਲੋਨੀ ਦੇ ਲੋਕਾਂ ਨੇ ਜੇਲ੍ਹ ਦੇ ਅੰਦਰੋਂ ਚੀਕਾਂ ਦੀ ਆਵਾਜ਼ ਸੁਣੀ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਅਜਿਹੀਆਂ ਖ਼ਬਰਾਂ ਤੋਂ ਬਾਅਦ ਹੁਣ ਇਕਵਾਡੋਰ ਦੇ ਜੇਲ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਲ ਦੇ ਅੰਦਰ ਕੈਦੀਆਂ ਦੀ ਆਪਸੀ ਝੜਪ ਹੋਈ ਹੈ, ਜਿਸ ਵਿਚ ਕਈ ਕੈਦੀ ਜ਼ਖਮੀ ਵੀ ਹੋਏ ਹਨ।

ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜੇਲ੍ਹ ਦੇ ਅੰਦਰੋਂ ਕੁਝ ਵਿਸਫੋਟਕ ਅਤੇ ਬੰਦੂਕਾਂ ਵੀ ਜ਼ਬਤ ਕੀਤੀਆਂ ਹਨ। ਜੇਲ੍ਹ ਵਿਚ ਕੈਦੀਆਂ ਦੀ ਇਸ ਆਪਸੀ ਝੜਪ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕੁਝ ਕੈਦੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਹਨ। ਇਸ ਤੋਂ ਇਲਾਵਾ ਚੀਕਾ-ਰੌਲੀ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਅਕਤੂਬਰ ਵਿਚ ਇਕਵਾਡੋਰ ਵਿਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਸੀ।

ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਸ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਐਮਰਜੈਂਸੀ ਤਹਿਤ ਸੁਰੱਖਿਆ ਬਲਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਲੜਨ ਲਈ ਵੀ ਤਾਕਤ ਦਿੱਤੀ ਗਈ ਹੈ। ਇਨ੍ਹਾਂ ਸ਼ਕਤੀਆਂ ਤਹਿਤ ਸੁਰੱਖਿਆ ਬਲਾਂ ਨੇ ਨਸ਼ਾ ਤਸਕਰੀ ਦੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਭੜਕੀ ਹਿੰਸਾ ਦੀ ਘਟਨਾ ਪਿੱਛੇ ਕਿਸੇ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਹੱਥ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਹਿੰਸਾ ਵਿਚ ਹੁਣ ਤਕ 230 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਟੀਵੀ ਪੰਜਾਬ ਬਿਊਰੋ