Victoria- ਬ੍ਰਿਟਿਸ਼ ਕੋਲੰਬੀਆ ਦੇ ਪੀਚਲੈਂਡ ਦੇ ਨੇੜੇ ਜੰਗਲਾਂ ’ਚ ਲੱਗੀ ਅੱਗ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਕਈ ਸੰਪੱਤੀਆਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਸ ਅੱਗ ’ਚ ਚਾਰ ਗੁਣਾਂ ਵਾਧਾ ਹੋਇਆ ਸੀ।
ਪੀਚਲੈਂਡ ਦੇ ਮੇਅਰ ਪੈਟਰਿਕ ਵੈਨ ਮਿਨਸੇਲ ਨੇ ਸੋਮਵਾਰ ਨੂੰ ਕਿਹਾ ਕਿ ਗਲੇਨ ਝੀਲ ਦੀ ਅੱਗ ’ਤੇ ਕਾਬੂ ਪਾਉਣ ਲਈ ਕਸਬੇ ਦਾ ਅੱਗ ਬੁਝਾਊ ਵਿਭਾਗ ਬੀ.ਸੀ. ਵਾਈਲਡਫਾਇਰ ਸਰਵਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਅੱਗ ਪੀਚਲੈਂਡ ਤੋਂ ਕਰੀਬ 15 ਕਿਲੋਮੀਟਰ ਦੂਰ ਪੱਛਮ ਵੱਲ ਬਲ ਰਹੀ ਹੈ।
ਮੇਅਰ ਪੈਟਰਿਕ ਨੇ ਕਿਹਾ ਕਿ ਅੱਗ ਕਾਰਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਫਾਇਰ ਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਅੱਗ ਰਿਹਾਇਸ਼ੀ ਇਲਾਕਿਆਂ ਦੇ ਥੋੜ੍ਹਾ ਜਿਹਾ ਵੀ ਨੇੜੇ ਆਉਂਦੀ ਹੈ ਤਾਂ ਉਨ੍ਹਾਂ ਨੇ ਇਸ ’ਤੇ ਕਾਬੂ ਪਾਉਣ ਲਈ ਕੁਝ ਯੋਜਨਾਵਾਂ ਵਿਕਸਿਤ ਕੀਤੀਆਂ ਹਨ।
ਉੱਧਰ ਓਕਾਨਾਗਨ-ਸਿਮਿਲਕਾਮੀਨ ਦੇ ਖੇਤਰੀ ਜ਼ਿਲ੍ਹੇ ਨੇ ਸੋਮਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਗਲੇਨ ਝੀਲ ਦੀ ਅੱਗ ਕਾਰਨ ਇੱਥੇ 144 ਸੰਪਤੀਆਂ ਨਿਕਾਸੀ ਚਿਤਾਵਨੀ ’ਤੇ ਹਨ। ਇਸ ’ਚ ਫੌਲਡਰ, ਮੀਡੋ ਵੈਲੀ ਅਤੇ ਸਮਰਲੈਂਡ ਦੇ ਉੱਤਰ ਵਿੱਚ ਹਾਈਵੇਅ 97 ਦੇ ਪੱਛਮੀ ਪਾਸੇ ਸ਼ਾਮਲ ਹਨ।
ਬੀ.ਸੀ. ਵਾਈਲਡਫਾਇਰ ਸਰਵਿਸ ਦੇ ਅੰਕੜਿਆਂ ਅਨੁਸਾਰ, ਗਲੇਨ ਲੇਕ ਫਾਇਰ ਸ਼ਨੀਵਾਰ ਨੂੰ ਪਹਿਲੀ ਵਾਰ ਖੋਜੇ ਜਾਣ ਮਗਰੋਂ ਕਰੀਬ 4.5 ਵਰਗ ਕਿਲੋਮੀਟਰ ਤੱਕ ਫੈਲ ਗਈ ਹੈ ਅਤੇ ਤੇਜ਼ ਹਵਾਵਾਂ ਨੇ ਇਸ ਅੱਗ ਨੂੰ ਹੋਰ ਫੈਲਾਉਣ ’ਚ ਮਦਦ ਕੀਤੀ ਹੈ।