Winnipeg- ਐਤਵਾਰ ਨੂੰ ਵਿਨੀਪੈਗ ਦੇ ਡਾਊਨਟਾਊਨ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਸੁੰਦਰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੀ ਅਗਵਾਈ ’ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ‘ਵਾਹਿਗੁਰੂ’ ਦੇ ਨਾਂ ਦਾ ਜਾਪ ਕਰਦਾ ਹੋਇਆ ਵਿਨੀਪੈਗ ਦੀਆਂ ਵੱਖ-ਵੱਖ ਸੜਕਾਂ ਤੋਂ ਲੰਘਿਆ। ਆਯੋਜਕਾਂ ਦਾ ਅੰਦਾਜ਼ਾ ਹੈ ਕਿ ਲਗਭਗ 20,000 ਲੋਕਾਂ ਨੇ ਇਸ ਨਗਰ ਕੀਰਤਨ ਸ਼ਮੂਲੀਅਤ ਕੀਤੀ।
ਇਸ ਮੌਕੇ ਰਸਲ ਸਿੰਘ ਖਾਲਸਾ ਵਲੋਂ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਦੇ ਮੀਤ ਪ੍ਰਧਾਨ ਅਤੇ ਪ੍ਰਬੰਧਕ ਜੁਝਾਰ ਬਰਾੜ ਨੇ ਕਿਹਾ ਕਿ ਵਿਨੀਪੈਗ ’ਚ ਨਗਰ ਕਰੀਤਨ ਦੀ ਰਸਮ ਲਗਭਗ 20 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਜਿਵੇਂ-ਜਿਵੇਂ ਸਾਲ ਬੀਤ ਰਹੇ ਹਨ, ਉਵੇਂ-ਉਵੇਂ ਨਗਰ ਕੀਰਤਨ ’ਚ ਸ਼ਮੂਲੀਅਤ ਕਰਨ ਵਾਲੀ ਸੰਗਤ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਦੋ ਸਾਲ ਦੇ ਵਿਰਾਮ ਮਗਰੋਂ ਜਦੋਂ 2022 ’ਚ ਨਗਰ ਕੀਰਤਨ ਮੁੜ ਸਜਾਇਆ ਗਿਆ ਤਾਂ ਵੱਡੀ ਗਿਣਤੀ ’ਚ ਸੰਗਤ ਨੇ ਇਸ ’ਚ ਹਾਜ਼ਰੀ ਲਵਾਈ।
ਨਗਰ ਕੀਰਤਨ ਦੀ ਸਮਾਪਤੀ ਮਗਰੋਂ ਸੰਗਤ ਮੈਮੋਲੀਅਰ ਪਾਰਕ ’ਚ ਇਕੱਠੀ ਹੋਈ, ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਨਾ ਵਾਪਰ ਸਕੇ।