Site icon TV Punjab | Punjabi News Channel

ਨਾਂਦੇੜ ਸਾਹਿਬ ਗੁਰਦੁਆਰਾ ਐਕਟ ’ਚ ਸੋਧ ਦਾ ਬਿੱਲ ਵਾਪਸ, ਝੁਕੀ ਮਹਾਰਾਸ਼ਟਰ ਸਰਕਾਰ

ਡੈਸਕ- ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਲ ਸਬੰਧਤ ਐਕਟ ਵਿਚ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ। ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰਪੀ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਐਕਸ ਉਤੇ ਇਕ ਪੋਸਟ ਸਾਂਝੀ ਕੀਤੀ ਹੈ।

ਉਨ੍ਹਾਂ ਲਿਖਿਆ, “ਮੈਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੀ ਦਾ ਫੋਨ ਆਇਆ, ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਸਾਹਿਬ ਗੁਰਦੁਆਰਾ ਸੋਧ ਐਕਟ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾਂ ਵਿਆਪਕ ਸਲਾਹ-ਮਸ਼ਵਰੇ ਲਈ ਰੋਕਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ ਜਿਉਂ ਦੀ ਤਿਉਂ ਸਥਿਤੀ ਬਰਕਰਾਰ ਰਹੇਗੀ ਅਤੇ ਮੌਜੂਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਐਕਟ 1956 ਲਾਗੂ ਰਹੇਗਾ।”

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਮਹਾਰਾਸ਼ਟਰ ਵਿਧਾਨ ਸਭਾ ਵਿਚ ਇਕ ਬਿਲ ਪੇਸ਼ ਕਰ ਕੇ ਐਕਟ ਵਿਚ ਸੋਧ ਕਰਦਿਆਂ ਸਰਕਾਰ ਵਲੋਂ ਨਾਮਜ਼ਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤੇ ਜਾਣ ਦਾ ਬਿਲ ਵਿਧਾਨ ਸਭਾ ਵਿਚ ਪਾਸ ਕੀਤਾ ਸੀ। ਬੋਰਡ ਵਿਚ ਸ਼੍ਰੋਮਣੀ ਕਮੇਟੀ ਦੇ 4 ਮੈਂਬਰਾਂ ਦੀ ਗਿਣਤੀ ਨੂੰ ਘੱਟ ਕਰਦਿਆਂ ਕਮੇਟੀ ਦੇ 2 ਮੈਂਬਰ ਸ਼ਾਮਲ ਕੀਤੇ ਗਏ ਹਨ। ਨਵੇਂ ਬਿਲ ਮੁਤਾਬਕ ਚੀਫ਼ ਖ਼ਾਲਸਾ ਦੀਵਾਨ ਤੇ ਹਜ਼ੂਰੀ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਬੋਰਡ ਵਿਚੋਂ ਮਨਫ਼ੀ ਕਰ ਦਿਤਾ ਗਿਆ।

ਨਵੇਂ ਬਿਲ ਮੁਤਾਬਕ 17 ਮੈਂਬਰੀ ਬੋਰਡ ਵਿਚ ਸਰਕਾਰ ਵਲੋਂ ਨਾਮਜ਼ਦ 12 ਮੈਂਬਰਾਂ ਦੇ ਨਾਲ-ਨਾਲ 3 ਮੈਂਬਰ ਚੋਣ ਜਿੱਤ ਕੇ ਆਉਣਗੇ ਅਤੇ 2 ਮੈਂਬਰ ਸ਼੍ਰੋਮਣੀ ਕਮੇਟੀ ਨਾਮਜ਼ਦ ਕਰ ਸਕੇਗੀ। ਇਸ ਬਿਲ ਦੇ ਪਾਸ ਹੋਣ ਨਾਲ ਸਿੱਖਾਂ ਦੇ ਮਨਾਂ ਵਿਚ ਰੋਸ ਸੀ ਤੇ ਹਰ ਸਿੱਖ ਇਸ ਬਿਲ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਮੰਨ ਰਿਹਾ ਹੈ। ਨਾਂਦੇੜ ਸਿੱਖ ਗੁਰਦਵਾਰਾ ਐਕਟ 1956 ਮੁਤਾਬਕ ਪਹਿਲਾਂ 3 ਮੈਂਬਰ ਸਥਾਨਕ ਸਿੱਖਾਂ ਵਲੋਂ ਵੋਟਾਂ ਰਾਹੀ ਚੁਣੇ ਜਾਂਦੇ ਸਨ। ਇਸ ਦੇ ਨਾਲ-ਨਾਲ ਸਰਕਾਰ ਵਲੋਂ ਇਕ ਮੈਂਬਰ ਹੈਦਰਾਬਾਦ ਤੇ ਸਿੰਕਦਰਾਬਾਦ ਦੇ ਸਿੱਖਾਂ ਵਿਚੋਂ ਚੁਣਿਆ ਜਾਂਦਾ ਸੀ।

Exit mobile version