ਮੈਨੀਟੋਬਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਪੰਜ ਲੋਕਾਂ ਦੀ ਮੌਤ

Winnipeg- ਪੱਛਮੀ ਮੈਨੀਟੋਬਾ ’ਚ ਸਵੈਨ ਨਦੀ ਦੇ ਨੇੜੇ ਵਾਪਰੇ ਇੱਕ ਦਰਕਨਾਕ ਸੜਕ ਹਾਦਸੇ 5 ਲੋਕਾਂ ਦੀ ਮੌਤ ਹੋ ਗਈ। ਸਵੈਨ ਰਿਵਰ ਆਰਸੀਐਮਪੀ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਮਾਊਂਟੀਜ਼ ਨੇ ਕਿਹਾ ਕਿ ਇਹ ਹਾਦਸਾ ਸ਼ਨੀਵਾਰ ਸ਼ਾਮੀਂ 5 ਵਜੇ ਸਸਕੈਚਵਨ ਸਰਹੱਦ ਦੇ ਨੇੜੇ ਸਵਾਨ ਨਦੀ ਤੋਂ ਲਗਭਗ 19 ਕਿਲੋਮੀਟਰ ਦੱਖਣ ’ਚ, ਹਾਈਵੇਅ 83 ’ਤੇ ਵਾਪਰਿਆ। ਪੁਲਿਸ ਨੇ ਦੱਸਿਆ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਐੱਸ. ਯੂ. ਵੀ. ਜਿਹੜੀ ਕਿ ਦੱਖਣ ਵੱਲ ਜਾ ਰਹੀ ਸੀ ਅਤੇ ਕਰੈਸ਼ ਹੋਣ ਮਗਰੋਂ ਇੱਕ ਖੇਤ ਡਿੱਗ ਗਈ।
ਪੁਲਿਸ ਮੁਤਾਬਕ ਮਿ੍ਰਤਕਾਂ ’ਚ ਦੋ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਿਲ ਸਨ ਅਤੇ ਸਾਰਿਆਂ ਦੀ ਉਮਰ 25 ਤੋਂ 42 ਸਾਲ ਦੇ ਵਿਚਕਾਰ ਸੀ। ਮਾਊਂਟੀਜ਼ ਨੇ ਕਿਹਾ ਕਿ ਪੀੜਤਾਂ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਅਤੇ ਹਾਦਸੇ ਮਗਰੋਂ ਸਾਰਿਆਂ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ।
ਆਰ. ਸੀ. ਐੱਮ. ਪੀ. ਦੇ ਮੀਡੀਆ ਸੰਬੰਧ ਅਧਿਕਾਰੀ ਸਾਰਜੈਂਟ ਪਾਲ ਮੈਨਾਇਗਰੇ ਨੇ ਕਿਹਾ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ’ਤੇ ਪਹੁੰਚੇ ਐਮਰਜੈਂਸੀ ਰਿਸਪਾਂਡਰ ਵੀ ਹੈਰਾਨ ਰਹਿ ਗਏ। ਉਨ੍ਹਾਂ ਇਸ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਇੱਕ ਤਰਾਸਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਹਨ ਦੀ ਤੇਜ਼ ਰਫ਼ਤਾਰ ਇਸ ਦਾ ਇੱਕ ਕਾਰਨ ਹੋ ਸਕਦੀ ਹੈ।