Site icon TV Punjab | Punjabi News Channel

ਗੁਰੂਘਰ ‘ਚ ਪਿਸਤੌਲ ਲੈ ਕੇ ਕਿਵੇਂ ਪਹੁੰਚਿਆ ਨਰਾਇਣ ਸਿੰਘ ਚੌੜਾ ?

ਡੈਸਕ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਭੁਗਤਣ ਲਈ ਸੁਖਬੀਰ ਬਾਦਲ ਹਰਿਮੰਦਰ ਸਾਹਿਬ ਦੇ ਮੁੱਖ ਗੇਟ ‘ਤੇ ਤਾਇਨਾਤ ਸਨ। ਇਸੇ ਦੌਰਾਨ ਮੁਲਜ਼ਮ ਉਨ੍ਹਾਂ ਦੇ ਬਹੁਤ ਨੇੜੇ ਆਇਆ ਅਤੇ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਅੰਮ੍ਰਿਤਸਰ ‘ਚ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੁਖਬੀਰ ਦੀ ਸੁਰੱਖਿਆ ਲਈ ਤਾਇਨਾਤ ਸਾਦੇ ਕੱਪੜਿਆਂ ਵਾਲੇ ਪੁਲਿਸ ਮੁਲਾਜ਼ਮ ਨੇ ਹਮਲਾਵਰ ਨੂੰ ਫੜ ਲਿਆ ਅਤੇ ਉਸਦਾ ਹੱਥ ਉੱਤੇ ਕਰ ਦਿੱਤਾ। ਗੋਲੀ ਹਵਾ ਵਿੱਚ ਚੱਲੀ ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉੱਧਰ, ਮੁਲਜ਼ਮ ਦੇ ਗੁਰੂਘਰ ਦੇ ਅੰਦਰ ਪਿਸਤੌਲ ਲੈ ਕੇ ਜਾਣ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਬੱਬਰ ਖਾਲਸਾ ਦਾ ਸਾਬਕਾ ਅੱਤਵਾਦੀ ਹੈ ਆਰੋਪੀ
ਸੁਖਬੀਰ ‘ਤੇ ਗੋਲੀ ਚਲਾਉਣ ਵਾਲੇ ਆਰੋਪੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾ ਬਾਬਾ ਨਾਨਕ ਦੇ ਰੂਪ ‘ਚ ਹੋਈ ਹੈ। ਮੁਲਜ਼ਮ ਕੱਟੜਪੰਥੀ ਹੈ ਅਤੇ ਦਲ ਖਾਲਸਾ ਨਾਲ ਸਬੰਧਤ ਹੈ। ਸੂਤਰਾਂ ਮੁਤਾਬਕ ਹਮਲਾਵਰ ਨਰਾਇਣ ਸਿੰਘ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅੱਤਵਾਦੀ ਵੀ ਰਿਹਾ ਹੈ।

ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਅੱਤਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ ਦੇਸ਼ਧ੍ਰੋਹੀ ਸਾਹਿਤ ‘ਤੇ ਇੱਕ ਕਿਤਾਬ ਵੀ ਲਿਖੀ ਹੈ। ਉਹ ਬੁਡੈਲ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਹੈ। ਨਰਾਇਣ ਇਸ ਤੋਂ ਪਹਿਲਾਂ ਪੰਜਾਬ ਦੀ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਹੈ।

ਐਮਪੀ ਰੰਧਾਵਾ ਨਾਲ ਸਬੰਧਤ ਨਾਂ
ਇਸ ਦੌਰਾਨ ਅਕਾਲੀ ਆਗੂ ਦਲਜੀਤ ਚੀਮਾ ਨੇ ਆਰੋਪ ਲਾਇਆ ਕਿ ਮੁਲਜ਼ਮ ਚੌੜਾ ਦਾ ਭਰਾ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਬਹੁਤ ਕਰੀਬੀ ਹੈ। ਉਨ੍ਹਾਂ ਮਾਨ ਸਰਕਾਰ ‘ਤੇ ਸਵਾਲ ਖੜ੍ਹੇ ਕਰਦਿਆਂ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਸਰਕਾਰ ਦੀ ਨਾਕਾਮੀ ਹੈ।

Exit mobile version