ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਗੀ ਭਗਵੰਤ ਮਾਨ ਸਰਕਾਰ , ਕਈਆਂ ਦੀ ਸੁਰੱਖਿਆ ਕੀਤੀ ਬਹਾਲ

ਚੰਡੀਗੜ੍ਹ- ਕੁੱਝ ਵੱਖਰਾ ਕਰ ਦਿਖਾਉਣ ਦੀ ਹੋੜ ਚ ਗਲਤੀ ਕਰਨ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹੁਣ ਆਪਣੀ ਗਲਤੀ ਚ ਸੁਧਾਰ ਕੀਤਾ ਹੈ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਸਰਕਾਰ ਨੇ ਮੁੜ ਤੋਂ ਵੀ.ਆਈ.ਪੀ ਸ਼ਖਸੀਅਤਾਂ ਦੀ ਸੁਰੱਖਿਆ ਸਮੀਖਿਆ ਕੀਤੀ ਹੈ ।ਇੰਟੈਲੀਜੈਂਸ ਅਤੇ ਸੁਰੱਖਿਆ ਵਿੰਗ ਵਲੋਂ ਮੁੜ ਜਾਇਜ਼ਾ ਲੈਣ ਉਪਰੰਤ ਕਰੀਬ 27 ਲੋਕਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ ।

ਖਾਸ ਗੱਲ ਇਹ ਹੈ ਕਿ ਇਸ ਵਾਰ ਸਰਕਾਰ ਵਲੋਂ ਇਨ੍ਹਾਂ ਸ਼ਖਸੀਅਤਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਸ਼ਖਸੀਅਤਾਂ ਵਿਚੋਂ ਜ਼ਿਆਦਾਤਰ ਲੋਕ ਕਲਾ ਜਗਤ ਨਾਲ ਜੁੜੇ ਹੋਏ ਹਨ ।ਉਨ੍ਹਾਂ ਦੇ ਨਾਂ ‘ਤੇ ਵੀ ਧਿਆਨ ਦਿੱਤਾ ਗਿਆ ਹੈ ਜਿਨ੍ਹਾਂ ਨੇ ਸੁਰੱਖਿਆ ਲੈਣ ਲਈ ਅਪਲਾਈ ਕੀਤਾ ਹੋਇਆ ਸੀ ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਿਨ੍ਹਾਂ ਦੀ ਸੁਰੱਖਿਆ ਬਹਾਲ ਕੀਤੀ ਗਈ ਹੈ ਉਹ ਜਲੰਧਰ,ਲੁਧਿਆਣਾ,ਮੁਹਾਲੀ,ਬਠਿੰਡਾ,ਫਿਰੋਜ਼ਪੁਰ,ਅੰਮ੍ਰਿਤਸਰ,ਮੁਕਤਸਰ ਅਤੇ ਪਟਿਆਲਾ ਨਾਲ ਸਬੰਧਿਤ ਹਨ ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਿਛਲੇ ਹਫਤੇ 424 ਹਸਤੀਆਂ ਦੀ ਸੁਰੱਖਿਆ ਵਾਪਿਸ ਲਈ ਗਈ ਸੀ । ਜਿਸ ਚ ਗਾਇਕ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਿਲ ਸੀ ।ਇਸ ਹੁਕਮ ਦੇ ਅਗਲੇ ਹੀ ਦਿਨ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਮੂਸੇਵਾਲਾ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਨੇ ਇਸ ਕਤਲ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸੁਰੱਖਿਆ ਕਟੌਤੀ ਕਰਕੇ ਉਸਦਾ ਪ੍ਰਚਾਰ ਕਰਨ ਨਾਲ ਬੇਟੇ ਦੇ ਦੁਸ਼ਮਨਾ ਨੂੰ ਮੌਕਾ ਮਿਲ ਗਿਆ ।

ਇਸ ਤੋਂ ਇਲਾਵਾ ਪੰਜਾਬ ਦੀ ਲਗਭਗ ਹਰੇਕ ਸਿਆਸੀ ਪਾਰਟੀ ਨੇ ਇਸ ਮੁੱਦੇ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ ।ਵਿਰੋਧੀ ਧਿਰਾਂ ਦੇ ਵੱਧਦੇ ਦਬਾਅ ਤੋਂ ਬਾਅਦ ਹੁਣ ਸੀ.ਅੇੱਮ ਮਾਨ ਨੇ ਡੈਮੇਜ ਕੰਟਰੋਲ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ ।