Site icon TV Punjab | Punjabi News Channel

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਕੱਢੀ ਗਈ National Sikh Day Parade

ਡੈਸਕ- ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਿੱਖਾਂ ਦੇ ਵੱਡੇ ਕੌਮੀ ਦਿਹਾੜੇ ਵਜੋਂ ਮਾਨਤਾ ਦਿਵਾਉਣ ਲਈ ਪਿਛਲੇ ਸਮਿਆਂ ਤੋਂ ਲਗਾਤਾਰ ਕੰਮ ਕਰ ਰਹੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ (SCCEC) ਵੱਲੋਂ ਹਰ ਸਾਲ ਦੀ ਤਰਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਕੱਢੀ ਜਾਂਦੀ ਪਰੇਡ ਇਸ ਵਾਰ ਸੰਗਤਾਂ ਦੀ ਬਹੁਤ ਭਰਵੀਂ ਸ਼ਮੂਲੀਅਤ ਨਾਲ ਹੋਰ ਨਵੀਆਂ ਬੁਲੰਦੀਆਂ ਉੱਤੇ ਪਹੁੰਚੀ।

ਅਮਰੀਕਾ ਭਰ ਤੋਂ ਤੇ ਖ਼ਾਸ ਕਰ ਕੇ ਈਸਟ-ਕੋਸਟ ਦੀਆਂ ਸਾਰੀਆਂ ਸਟੇਟਾਂ ਦੇ ਗੁਰਦੁਆਰਿਆਂ ਤੋਂ ਸੰਗਤਾਂ ਇਸ ਪਰੇਡ ਵਿੱਚ ਸ਼ਾਮਲ ਹੋਈਆਂ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਹੁੰਦੀ ਇਹ ਪਰੇਡ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਫਰੀਡਮ ਮਾਰਚ ਵਜੋਂ ਸਿੱਖ ਰਾਜ ਦਾ ਸੁਨੇਹਾ ਦੁਨੀਆ ਭਰ ਦੇ ਲੋਕਾਂ ਨੂੰ ਦੇਣ ਵਿੱਚ ਕਾਮਯਾਬ ਹੋਈ।

ਇਸ ਦੌਰਾਨ ਸੰਗਤਾਂ ਅਤੇ ਜਥੇਬੰਦੀਆਂ ਨਿਸ਼ਾਨ ਸਾਹਿਬ, ਖਾਲਸਤਾਨ ਦੇ ਝੰਡੇ ਤੇ ਵੱਖ ਵੱਖ ਬੈਨਰ ਲੈ ਕੇ ਪਰੇਡ ਵਿੱਚ ਸ਼ਾਮਲ ਸਨ। ਪਰੇਡ ਦੇ ਅਖੀਰ ਵਿੱਚ ਅਮਰੀਕੀ ਕੈਪੀਟਲ (ਸੰਸਦ) ਦੇ ਸਾਹਮਣੇ ਸਟੇਜ ਤੋ ਸਿੱਖ ਅਤੇ ਅਮਰੀਕਨ ਨੁਮਾਇੰਦਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ SCCEC ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀਆਂ ਪ੍ਰਾਪਤੀਆਂ ਸੰਗਤਾਂ ਦੇ ਸਾਹਮਣੇ ਰੱਖੀਆਂ।

ਸਟੇਜ ਦੀ ਸੇਵਾ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਬਾਖੂਬੀ ਨਿਭਾਈ ਜਿਨਾਂ ਨੇ ਕਿ ਵਿਦੇਸ਼ਾ ਵਿੱਚ ਸਿੱਖ ਕੌਮ ਦੀ ਵੱਖਰੀ ਪਛਾਣ, ਪ੍ਰਾਪਤੀਆਂ ਅਤੇ ਪੰਜਾਬ ਵਿੱਚ ਅਜ਼ਾਦ ਸਿੱਖ ਰਾਜ ਦੀ ਗੱਲ ਤੇ ਜ਼ੋਰ ਦਿੱਤਾ। ਇਸ ਪਰੇਡ ਵਿਚ ਵਿਸ਼ੇਸ਼ ਤੌਰ ਤੇ ਡਾ. ਅਮਰਜੀਤ ਸਿੰਘ ਨੇ ਹਮੇਸ਼ਾ ਵਾਂਗ ਸਿੱਖ ਰਾਜ ਦੇ ਸੰਕਲਪ ਦੇ ਸਬੰਧ ਵਿਚ ਵਿਸਥਾਰ ਨਾਲ ਗੱਲ ਕੀਤੀ ਗਈ। ਡਾ. ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਸ ਤੌਰ ‘ਤੇ ਪਰੇਡ ਵਿਚ ਸ਼ਾਮਲ ਹੋਏ ਅਤੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ ।

ਅਮਰੀਕਨ ਸੈਨੇਟ ਦੇ ਲੀਡਰ ਚੱਕ ਸ਼ੂਮਰ (Chuck Schumer) ਵੱਲੋ ਅਤੇ ਕਾਂਗਰਸਮੈਨ ਟੌਮ ਸੂਆਜੀ (Tom Suozzi) ਵੱਲੋ ਇਸ ਮੌਕੇ ਤੇ ਭੇਜੇ ਗਏ ਸਾਈਟੇਸ਼ਨ ਅਤੇ ਸੰਦੇਸ਼ ਸੰਗਤਾਂ ਨਾਲ ਸਾਂਝੇ ਕੀਤੇ ਗਏ। 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਅਤੇ ਦਿੱਲੀ ਤਖ਼ਤ ਵੱਲੋ, ਅਕਾਲ ਤਖ਼ਤ ਸਾਹਿਬ ਦੇ ਕੋਹ-ਕੋਹ ਕੇ ਸ਼ਹੀਦ ਕੀਤੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਅਣਮਨੁਖੀ ਤਰੀਕੇ ਨਾਲ ਕੈਦ ਕੀਤੇ ਗਏ ਮੌਜੂਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਮਰਪਿਤ ਸੌਵੀਨਰ (Souvenir) ਅਮਰੀਕਾ ਦੀਆਂ ਸਮੂਹ ਜਥੇਬੰਦੀਆਂ ਤੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ਤੇ ਸਟੇਜ ਉੱਤੋਂ ਜਾਰੀ ਕੀਤਾ ਗਿਆ

ਅਤੇ ਸਮੂਹ ਗੁਰਦੁਆਰਿਆਂ ਅਤੇ ਸੰਗਤਾਂ ਨੂੰ ਸੌਵੀਨਰ ਦੀਆਂ ਕਾਪੀਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸਿੱਖ ਕੌਮ ਦੇ ਆਪਣੇ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਦਲ ਖਾਲਸਾ ਵੱਲੋ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਸਮਰਪਿਤ ਕੀਤਾ ਜਾਂਦਾ ਹੈ, ਉਹ ਕੈਲੰਡਰ 1984 ਦੀ 40ਵੀ ਵਰ੍ਹੇਗੰਢ ਨੂੰ ਯਾਦ ਕਰਦਿਆਂ ਅਮਰੀਕਾ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਟੇਜ ਉੱਪਰੋਂ ਜਾਰੀ ਕੀਤਾ ਗਿਆ। ਇਸ ਮੌਕੇ ਉੱਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਸਬੰਧੀ ਇੱਕ ਪ੍ਰਦਰਸ਼ਨੀ ਵੀ ਖਾਸ ਤੌਰ ਤੇ ਸਿੱਖ ਯੂਥ ਵੱਲੋਂ ਲਗਾਈ ਗਈ ਸੀ।

ਵਰਜੀਨੀਆਂ, ਤੋ ਲੈ ਕੇ ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆਂ, ਮੈਰੀਲੈਂਡ, ਮੈਸੇਚਿਊਸਿਟ, ਕਨੈਕਟੀਕਟ, ਡੈਲਵੇਅਰ ਅਤੇ ਹੋਰ ਸਟੇਟਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਸੰਗਤ ਨੂੰ ਸੰਬੋਧਨ ਹੋਏ, ਇੰਨਾਂ ਵਿੱਚ ਸ. ਬੂਟਾ ਸਿੰਘ ਖੜੌਦ, ਬਰਜਿੰਦਰ ਸਿੰਘ ਬਰਾੜ, ਸੁਰਜੀਤ ਸਿੰਘ ਕੁਲਾਰ , ਪ੍ਰਿਤਪਾਲ ਸਿੰਘ ਖਾਲਸਾ, ਭਗਤ ਸਿੰਘ , ਡਾ. ਬਖਸ਼ੀਸ਼ ਸਿੰਘ, ਦਵਿੰਦਰ ਸਿੰਘ ਦਿਓ, ਬਲਾਕਾ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਪੰਨੂ, ਗੁਰਨਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਬਲਜਿੰਦਰ ਸਿੰਘ

ਨਰਿੰਦਰ ਸਿੰਘ, ਹਰਮਿੰਦਰ ਸਿੰਘ ਆਹਲੂਵਾਲੀਆ, ਸ. ਜੁਗਰਾਜ ਸਿੰਘ, ਜਤਿੰਦਰ ਸਿੰਘ ਖਟੜਾ, ਤੇਜਪਾਲ ਸਿੰਘ, ਜੱਸਾ ਸਿੰਘ, ਊਧਮ ਸਿੰਘ, ਨਵਤੇਜ ਸਿੰਘ, ਹਰਚਰਨ ਸਿੰਘ, ਸੰਤੋਖ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਰੇਡ ਬਹੁਤ ਚੜਦੀ ਕਲਾ ਨਾਲ ਸੰਪੂਰਨ ਹੋਈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਵੱਲੋਂ ਸਾਰੇ ਗੁਰਦੁਆਰਾ ਪ੍ਰਬੰਧਕਾਂ, ਪੰਥਕ ਜਥੇਬੰਦੀਆਂ, ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਅਤੇ ਉੱਨਾਂ ਦੱਸਿਆ ਕਿ ਅਗਲੇ ਸਾਲ ਨੈਸ਼ਨਲ ਸਿੱਖ ਡੇਅ-ਪਰੇਡ 5 ਅਪਰੈਲ ਨੂੰ ਕੱਢੀ ਜਾਵੇਗੀ।

Exit mobile version