Site icon TV Punjab | Punjabi News Channel

ਕਾਂਗਰਸ ਖਾਨਾਜੰਗੀ: ਹੁਣ ਰਾਹੁਲ ਅਤੇ ਪ੍ਰਿਅੰਕਾ ਨੂੰ ਮਿਲਣਗੇ ਨਵਜੋਤ ਸਿੱਧੂ

ਚੰਡੀਗੜ੍ਹ : ਕਾਂਗਰਸ ਦੇ ਕਾਟੋ-ਕਲੇਸ਼ ਕਿਸੇ ਬੰਨੇ-ਕੰਢੇ ਲੱਗਦਾ ਦਿਖਾਈ ਨਹੀਂ ਦੇ ਰਿਹਾ। ਇਸੇ ਕਾਟੋ ਕਲੇਸ਼ ਦੇ ਹੱਲ ਲਈ ਕਾਂਗਰਸ ਹਾਈਕਮਾਂਡ ਪਿਛਲੇ ਦਿਨਾਂ ਤੋਂ ਪੰਜਾਬ ਲੀਡਰਸ਼ਿਪ ਨਾਲ ਮੁਲਾਕਾਤਾਂ ਕਰ ਰਹੀ ਹੈ। ਇਸ ਸਭ ਦਰਮਿਆਨ ਹੁਣ ਖਬਰਾਂ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰਨਗੇ। 29 ਜੂਨ ਮੰਗਲਵਾਰ ਨੂੰ ਹੋਣ ਵਾਲੀ ਇਹ ਮੀਟਿੰਗ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕਾਂਗਰਸ ਦਾ ਇਕ ਵੱਡਾ ਵਰਗ ਕਾਂਗਰਸ ਦੇ ਕਾਟੋ-ਕਲੇਸ਼ ਦਾ ਮੁੱਖ ਸੂਤਰਧਾਰ ਨਵਜੋਤ ਸਿੱਧੂ ਨੂੰ ਦੱਸ ਰਿਹਾ ਹੈ। ਦੂਜੇ ਪਾਸੇ ਰਾਹੁਲ ਗਾਂਧੀਨੇ ਪਿਛਲੇ ਦਿਨੀਂ ਪੰਜਾਬ ਦੇ ਦੋ ਦਰਜਨ ਤੋਂ ਜ਼ਿਆਦਾ ਆਗੂਆਂ ਨਾਲ ਮੁਲਾਕਾਤ ਤੇ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਕਿਸੇ ਆਖ਼ਰੀ ਫ਼ੈਸਲੇ ਤੋਂ ਪਹਿਲਾਂ ਸਿੱਧੂ ਦੇ ਗਿਲੇ-ਸ਼ਿਕਵੇ ਜਾਨਣਾ ਚਾਹੁੰਦੇ ਹਨ।
ਕੋਟਕਪੂਰਾ ਗੋਲ਼ੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸਆਈਟੀ ਦੀ ਰਿਪੋਰਟ ਨੂੰ ਖ਼ਾਰਜ ਕੀਤੇ ਜਾਣ ਪਿੱਛੋਂ ਤੋਂ ਹੀ ਨਵਜੋਤ ਸਿੱਧੂ ਸੋਸ਼ਲ ਮੀਡੀਏ ‘ਤੇ ਕਾਫ਼ੀ ਸਰਗਰਮ ਸਨ। ਉਹ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲੇ ਕਰ ਰਹੇ ਸਨ। ਸਿੱਧੂ ਦੀ ਬੇਬਾਕੀ ਤੋਂ ਬਾਅਦ ਕਾਂਗਰਸ ਦੇ ਬਾਕੀ ਮੰਤਰੀ ਤੇ ਵਿਧਾਇਕ ਵੀ ਬੋਲਣ ਲੱਗ ਪਏ ਸਨ ਜਿਸ ਤੋਂ ਬਾਅਦ ਤੋਂ ਹੀ ਕਾਂਗਰਸ ਦਾ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਰਾਜ ਸਭਾ ਵਿਚ ਕਾਂਗਰਸ ਦੇ ਨੇਤਾ ਮੱਲਿਕਾਰੁਜਨ ਖੜਗੇ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਪੰਜਾਬ ਦੇ ਕਰੀਬ 100 ਆਗੂਆਂ, ਵਿਧਾਇਕਾਂ, ਮੰਤਰੀਆਂ, ਲੋਕ ਸਭਾ ਮੈਂਬਰਾਂ ਤੇ ਰਾਜ ਸਭਾ ਮੈਂਬਰਾਂ ਨਾਲ ਗੱਲਬਾਤ ਕੀਤੀ। ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਤੀ ਸੀ।
ਦੂਜੇ ਪਾਸੇ ਇਸ ਰਿਪੋਰਟ ਦੇ ਆਉਣ ਪਿੱਛੋਂ ਰਾਹੁਲ ਗਾਂਧੀ ਲਗਾਤਾਰ ਪੰਜਾਬ ਦੇ ਆਗੂਆਂ ਨਾਲ ਸੰਪਰਕ ਕਰ ਰਹੇ ਹਨ। ਬੀਤੇ ਸ਼ੁੱਕਰਵਾਰ ਨੂੰ ਵੀ ਰਾਹੁਲ ਗਾਂਧੀ ਨੇ ਇਕ ਦਰਜਨ ਤੋਂ ਜ਼ਿਆਦਾ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਜ਼ਿਆਦਾਤਰ ਨੇਤਾਵਾਂ ਨੇ ਸਿੱਧੂ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਬਣਨਾ ਚਾਹੁੰਦੇ ਹਨ। ਪਾਰਟੀ ਹਾਈ ਕਮਾਂਡ ਵੀ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪਣ ਦੇ ਹੱਕ ਵਿਚ ਸੀ ਪਰ ਵੱਡੀ ਗਿਣਤੀ ਵਿਚ ਟਕਸਾਲੀ ਕਾਂਗਰਸੀਆਂ ਦੇ ਨਾ ਮੰਨਣ ਕਾਰਨ ਰਾਹੁਲ ਗਾਂਧੀ ਸਾਹਮਣੇ ਪਰੇਸ਼ਾਨੀ ਖੜ੍ਹੀ ਹੋ ਗਈ । ਮੰਨਿਆ ਜਾ ਰਿਹਾ ਹੈ ਕਿ ਕੱਲ੍ਹ ਹੋਣ ਵਾਲੀ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਸਾਰੇ ਸਿਆਸੀ ਹਾਲਾਤ ‘ਤੇ ਚਰਚਾ ਕਰ ਸਕਦੇ ਹਨ ਕਿਉਂਕਿ ਪਾਰਟੀ ਸਾਹਮਣੇ ਵੀ ਸਿੱਧੂ ਨੂੰ ਮਰਜ਼ੀ ਮੁਤਾਬਕ ਥਾਂ ‘ਤੇ ਐਡਜਸਟ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਿੱਧੂ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵਾਡਰਾ ਨੂੰ ਇਕੱਠਿਆਂ ਮਿਲਣਗੇ ਜਾਂ ਵੱਖ-ਵੱਖ। ਕਿਹਾ ਜਾ ਰਿਹਾ ਹੈ ਕਿ ਰਾਹੁਲ ਪਹਿਲਾਂ ਸਿੱਧੂ ਨਾਲ ਗੱਲ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰ ਸਕਦੇ ਹਨ ਤਾਂ ਜੋ ਕਾਂਗਰਸ ਦੇ ਕਾਟੋ-ਕਲੇਸ਼ ਦਾ ਠੋਸ ਹੱਲ ਕੱਿਢਆ ਜਾ ਸਕੇ।

Exit mobile version