ਡੈਸਕ – ਹਰਿਆਣਾ ‘ਚ ਭਾਜਪਾ ਆਪਣੇ ਦਮ ‘ਤੇ ਸਰਕਾਰ ਬਣਾਉਣ ਜਾ ਰਹੀ ਹੈ। ਤੀਜੀ ਵਾਰ ਸੂਬੇ ਵਿੱਚ ਲਗਾਤਾਰ ਭਗਵਾ ਲਹਿਰਾਇਆ ਗਿਆ ਹੈ। ਨਾਇਬ ਸਿੰਘ ਸੈਣੀ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਉਹ ਭਲਕੇ ਸਹੁੰ ਚੁੱਕਣਗੇ। ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਨੂੰ ਆਗੂ ਚੁਣਿਆ ਗਿਆ। ਮੀਟਿੰਗ ਵਿੱਚ ਹਰਿਆਣਾ ਦੇ ਇੰਚਾਰਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸਹਿ ਇੰਚਾਰਜ ਵਿਪਲਵ ਦੇਬ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਹਾਜ਼ਰ ਸਨ। ਇਸ ਮੀਟਿੰਗ ਲਈ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਗਿਆ ਸੀ। ਮੀਟਿੰਗ ਪੰਚਕੂਲਾ ਸਥਿਤ ਭਾਜਪਾ ਦਫ਼ਤਰ ਵਿੱਚ ਹੋਈ।
ਭਾਜਪਾ ਦੇ ਅਨਿਲ ਵਿੱਜ ਅਤੇ ਰਾਓ ਇੰਦਰਜੀਤ ਸਿੰਘ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕੀਤਾ ਸੀ। ਪਰ ਪਾਰਟੀ ਨੇ ਇੱਕ ਵਾਰ ਫਿਰ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਤੇ
ਚੋਣਾਂ ਦੌਰਾਨ ਪੰਚਕੂਲਾ ਵਿੱਚ ਅਮਿਤ ਸ਼ਾਹ ਨੇ ਖੁਦ ਕਿਹਾ ਸੀ ਕਿ ਨਾਇਬ ਸਿੰਘ ਹੀ ਮੁੱਖ ਮੰਤਰੀ ਹੋਣਗੇ। ਹੁਣ ਪੰਚਕੁਲਾ ਵਿੱਚ ਹੀ 17 ਅਕਤੂਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਿਤ ਸ਼ਾਹ ਜ਼ਿਆਦਾਤਰ ਚੋਣ ਰਾਜਾਂ ਵਿੱਚ ਸੰਗਠਨ ਤੋਂ ਲੈ ਕੇ ਰਣਨੀਤੀ ਤੱਕ ਪਾਰਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਆਏ ਹਨ। ਉਹ ਪਾਰਟੀ ‘ਚ ‘ਚਾਣਕਿਆ’ ਦੀ ਭੂਮਿਕਾ ਨਿਭਾਉਂਦੇ ਰਹੇ ਹਨ ਪਰ ਇਸ ਵਾਰ ਅਮਿਤ ਸ਼ਾਹ ਵਰਗੇ ਦਿੱਗਜ ਨੇਤਾ ਨੂੰ ਓਬਜ਼ਰਵਰ ਬਣਾਉਣ ‘ਤੇ ਅਟਕਲਾਂ ਦਾ ਬਾਜ਼ਾਰ ਗਰਮ ਸੀ। ਮੰਨਿਆ ਜਾ ਰਿਹਾ ਸੀ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਾਂਗ ਇੱਕ ਫਿਰ ਤੋਂ ਹੈਰਾਨੀਜਨਕ ਚਿਹਰਾ ਲਿਆਉਣ ਦੀ ਯੋਜਨਾ ਬਣਾ ਰਹੀ ਹੈ?
ਉੱਧਰ, ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਭਾਜਪਾ ਸਰਗਰਮ ਹੋ ਗਈ ਹੈ। ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇਣ ਲਈ ਭਾਜਪਾ ਚੋਣ ਕਮੇਟੀ ਦੀ ਦਿੱਲੀ ਵਿੱਚ ਮੀਟਿੰਗ ਹੋਈ। ਪਾਰਟੀ ਹੈੱਡਕੁਆਰਟਰ ‘ਤੇ ਕਰੀਬ ਦੋ ਘੰਟੇ ਤੱਕ ਚੱਲੀ ਸੀਈਸੀ ਦੀ ਬੈਠਕ ‘ਚ ਝਾਰਖੰਡ ‘ਚ ਚੋਣ ਰਣਨੀਤੀ ‘ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਰਾਸ਼ਟਰੀ ਜਨਰਲ ਸਕੱਤਰ ਬੀਐਲ ਸੰਤੋਸ਼ ਸ਼ਾਮਲ ਹੋਏ।