ਨਵੀਂ ਦਿੱਲੀ- ਕਾਮਨਵੈਲਥ ਗੇਮਜ਼ ਤੋਂ ਪਹਿਲਾਂ ਭਾਰਤ ਲਈ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਕਾਮਨਵੈਲਥ ਗੇਮਜ਼ ‘ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸੱਟ ਕਾਰਨ ਕਾਮਨਵੈਲਥ ਗੇਮਜ਼ ਤੋਂ ਬਾਹਰ ਹੋ ਗਏ ਹਨ।
ਉਨ੍ਹਾਂ ਨੇ ਇਸ ਬਾਰੇ ਆਈਓਏ ਸਕੱਤਰ ਰਾਜੀਵ ਮਹਿਤਾ ਨੂੰ ਸੂਚਿਤ ਕਰ ਦਿੱਤਾ ਹੈ। ਨੀਰਜ ਨੂੰ 20 ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਹਾਲ ਹੀ ‘ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਨੂੰ ਇਤਿਹਾਸਕ ਸਿਲਵਰ ਮੈਡਲ ਦਿਵਾਇਆ ਸੀ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਦਾ ਇਹ ਪਹਿਲਾ ਸਿਲਵਰ ਮੈਡਲ ਸੀ।
28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਕਾਮਨਵੈਲਥ ਗੇਮਜ਼ ‘ਚ ਭਾਰਤ ਲਈ ਇਹ ਵੱਡਾ ਝਟਕਾ ਹੈ। ਨੀਰਜ ਭਾਰਤ ਦੀਆਂ ਸਭ ਤੋਂ ਵੱਡੀਆਂ ਉਮੀਦਾਂ ‘ਚੋਂ ਇਕ ਹਨ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ‘ਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਕਾਮਨਵੈਲਥ ਗੇਮਜ਼ ‘ਚ ਆਪਣਾ ਬੈਸਟ ਦੇਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਦੀ ਸੱਟ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਨੀਰਜ ਨੇ ਵਿਸ਼ਵ ਐਥਲੈਟਿਕਸ ‘ਚ ਉਤਰਨ ਤੋਂ ਪਹਿਲਾਂ ਹੀ ਪੱਟ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਮੈਦਾਨ ਵਿਚ ਉਤਰ ਕੇ ਇਤਿਹਾਸਕ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਨੇ ਆਪਣੇ ਨਜ਼ਦੀਕੀ ਛੋਟੇ ਚਾਚਾ ਸੁਰਿੰਦਰ ਚੋਪੜਾ ਨੂੰ ਫੋਨ ‘ਤੇ ਦੱਸਿਆ ਸੀ ਕਿ ਦਰਦ ਜ਼ਿਆਦਾ ਹੈ, ਫਿਰ ਵੀ ਉਹ ਮੈਦਾਨ ‘ਚ ਜਾ ਕੇ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ, ਨਹੀਂ ਤਾਂ ਲੋਕ ਸਮਝਣਗੇ ਕਿ ਦਰਦ ਦਾ ਬਹਾਨਾ ਬਣਾ ਕੇ ਮੈਦਾਨ ਛੱਡ ਦਿੱਤਾ। ਉਹ ਮੈਦਾਨ ‘ਚ ਉੱਤਰੇ ਤੇ ਦਰਦ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਤਿਹਾਸ ਰਚਿਆ।