ਨਵੀਂ ਦਿੱਲੀ : ਟੋਕੀਓ ਉਲੰਪਿਕ ਵਿਚ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਸਟਾਰ ਅਥਲੀਟ ਨੀਰਜ ਚੋਪੜਾ ਕੱਲ੍ਹ ਭਾਰਤ ਪਰਤਣਗੇ। ਜਿਸ ‘ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਨੀਰਜ ਦਾ ਸਵਾਗਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਟੋਕੀਓ ਉਲੰਪਿਕਸ ਵਿਚ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਪ੍ਰਾਪਤੀ ਦੇ ਨਾਲ ਨੀਰਜ ਚੋਪੜਾ ਭਾਰਤ ਦੇ ਉਲੰਪਿਕ ਦੇ ਇਤਿਹਾਸ ਵਿਚ ਵਿਅਕਤੀਗਤ ਈਵੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਅਤੇ ਐਥਲੈਟਿਕਸ ਵਿਚ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।
ਨੀਰਜ ਚੋਪੜਾ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ ਸਾਲ 2008 ਵਿਚ ਨਿਸ਼ਾਨੇਬਾਜ਼ੀ ‘ਚ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ। ਦੱਸ ਦੇਈਏ ਕਿ ਨੀਰਜ ਨੇ ਆਪਣੇ ਪਹਿਲੇ ਥਰੋਅ ਵਿਚ 87.03 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਿਆ ਸੀ, ਜਦੋਂ ਕਿ ਪਹਿਲੇ ਗੇੜ ਦੀ ਦੂਜੀ ਕੋਸ਼ਿਸ਼ ਵਿਚ ਨੀਰਜ ਦੇ ਨੇਜੇ ਨੇ 87.58 ਮੀਟਰ ਦੀ ਦੂਰੀ ਤਹਿ ਕੀਤੀ ਸੀ ਜਿਸ ਨੂੰ ਕੋਈ ਵੀ ਮਾਂ ਦਾ ਲਾਲ ਪਾਰ ਨਹੀਂ ਕਰ ਸਕਿਆ ਤੇ ਸੋਨਾ ਭਾਰਤ ਦੀ ਝੋਲੀ ਪੈ ਗਿਆ।
ਟੀਵੀ ਪੰਜਾਬ ਬਿਊਰੋ